ਰਜਿ: ਨੰ: PB/JL-124/2018-20
RNI Regd No. 23/1979

ਕਾਹਦੀਆਂ ਵਧਾਈਆਂ ਮਿੱਤਰੋ  
 
BY admin / May 03, 2021
ਕਾਹਦੀਆਂ ਵਧਾਈਆਂ ਮਿੱਤਰੋ  
ਨਵਾਂ ਸਾਲ ਹਰ ਵਾਰ ਦੀ ਤਰ੍ਹਾਂ ਆ ਗਿਆ  
ਰੰਗ ਚੰਗੇ ਮਾੜੇ ਕਈ ਇਹ ਦਿਖਾ ਗਿਆ  
ਕਈ ਹੋ ਗਏ ਨੰਗ-ਕਈਆਂ ਕੀਤੀਆਂ ਕਮਾਈਆਂ ਮਿੱਤਰੋ  
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ...
ਹੁੰਦੀਆਂ ਅੰਨ ਦਾਤੇ ਦੀਆਂ ਖੁਦਕਸ਼ੀਆਂ ਨਿੱਤ ਨੇ 
ਹੋਰ ਰਹਿ ਗਏ ਕੌਣ ਫਿਰ ਇੱਥੇ ਮਿੱਤ ਨੇ  
ਗੌਰ ਕਰਦਾ ਨਾ ਕੋਈ-ਕਰਦੇ ਕਈ ਜੱਗ ਹਸਾਈਆਂ ਮਿੱਤਰੋ  
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ....
ਮਹਿੰਗਾਈ ਫਿਰ ਦੇਖੋ ਪੂਰੇ ਫੱਟੇ ਚੱਕੀ ਜਾਂਵਦੀ  
ਸਰਕਾਰ ਪਤਾ ਨਹੀਂ ਕਿਹੜੇ ਅੰਕੜੇ  ਵਿਖਾਂਵਦੀ  
ਗ਼ਰੀਬ ਹੁੰਦਾ ਹੋਰ ਗਰੀਬ-ਅਮੀਰਾਂ ਦੀਆਂ ਮਨ ਆਈਆਂ ਮਿੱਤਰੋ
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ...
ਡਿਗਰੀਆਂ ਲੈ ਵਧ ਗਈ ਫ਼ੌਜ ਬੇਰੁਜਗਾਰਾਂ ਦੀ  
ਦੇ ਦਿੱਤੀ ਨੌਕਰੀ ਸਭ ਨੂੰ ਝੂਠੀ ਗੱਲ ਸਰਕਾਰਾਂ ਦੀ  
ਭੱਤੇ ਉਨ੍ਹਾਂ ਦੇ ਬੰਦ ਕਰ-ਹੱਕ ਮੰਗਣ ਤੇ ਡਾਂਗਾਂ ਵਰ੍ਹਾਈਆਂ ਮਿੱਤਰੋ  
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ  ਕਾਹਦੀਆਂ ਵਧਾਈਆਂ ਮਿੱਤਰੋ...
ਗੱਲੀਂ ਬਾਤੀ ਬਣਾਤਾ ਦੇਸ਼ ਪੂਰਾ ਡਿਜੀਟਲ ਹੈ  
ਕਿਸੇ ਸਮੱਸਿਆ ਦਾ ਨਾ ਹੁੰਦਾ ਇੱਥੇ ਹੱਲ ਹੈ  
ਗੱਲਾਂ ਨਾਲ ਢਿੱਡ ਨਹੀਂ ਭਰੇ-ਪਾਵੇ ਹਰ ਕੋਈ ਦੁਹਾਈਆਂ ਮਿੱਤਰੋ
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ...
ਟੀ.ਵੀ ਉੱਤੇ ਸਦਾ ਨੇਤਾ ਗੁਣ ਗਾਣ ਕਰਦੇ
ਦਿਖਣ ਨਾ ਲੋਕੀਂ ਉਹ ਜਿਹੜੇ ਭੁੱਖੇ ਮਰਦੇ 
ਸੁਣ ਸੁਣ ਗਏ ਅੱਕ-ਬਾਤਾਂ ਮਨ ਕੀਆਂ ਸੁਣਾਈਆਂ ਮਿੱਤਰੋ
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ...
ਭੱਜ ਗਏ ਕਈ ਵਿਦੇਸ਼ੀ ਬੈਂਕਾਂ ਨੂੰ ਲੁੱਟ ਕੇ  
ਬਣੇ ਅਮੀਰ ਕਈ ਇੱਥੇ ਏ.ਟੀ .ਐਮ ਪੁੱਟ ਕੇ
ਲੁੱਟਾਂ ਖੋਹਾਂ ਸਭ ਪਾਸੇ-ਰਲ ਮਿਲ ਹੁੰਦੀਆਂ ਲੁਟਾਈਆਂ ਮਿੱਤਰੋ
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ  
ਪੁਰਾਣੇ ਚਲੇ ਗਏ ਸਿਆਸੀ ਨੇਤਾ ਨਵੇਂ  ਆ ਗਏ 
ਘੱਟ ਨਾ ਕਰੇ ਕੋਈ ਲੁੱਟ ਕੇ ਸੱਭੇ ਖਾ ਗਏ  
ਕੀ ਵਿਗਾੜ ਲਉ ਕੋਈ- ਜੱਫੀਆਂ ਸਿਆਸੀ ਪਾਈਆਂ ਮਿੱਤਰੋ  
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ..
ਕਰੋਨਾ ਇਸ ਸਾਲ ਪੂਰਾ ਸਭ ਪਾਸੇ ਚੱਲਿਆ
ਦਰ ਪੂਰੀ ਦੁਨੀਆਂ ਦਾ ਉਹਨੇ ਮੱਲਿਆ  
ਗਈਆਂ ਕੀਮਤੀ ਜਾਨਾਂ -ਨਾ ਹਾਲੇ ਬਣੀਆਂ ਦਵਾਈਆਂ ਮਿੱਤਰੋ  
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ...
ਹਾਕਮਾਂ ਖੇਤੀ ਵਾਲੇ ਕਾਨੂੰਨ ਹੁਣ ਕਰਤੇ ਪਾਸ  
ਕਿਸਾਨੀ ਬਚਣ ਦੀ ਰਹੀ ਨਾ ਕੋਈ ਆਸ 
 ਰੋਹ ਵਿੱਚ ਅੰਨਦਾਤਾ-ਕੀਤੀਆਂ ਦਿੱਲੀ ਨੂੰ ਚੜ੍ਹਾਈਆਂ ਮਿੱਤਰੋ
ਸਾਰਾ ਪੰਜਾਬ ਦਿੱਲੀ ਵਿੱਚ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ...
ਨਸ਼ੇ ਫੜ ਹੋਣ ਨਿੱਤ ਲੱਖਾਂ ਕਰੋੜਾਂ ਦੇ
ਸੌਖੇ ਮਿਲਦੇ ਜੋ ਗਲੀਆਂ ਦੇ ਮੋੜਾਂ ਤੇ
ਕਰ ਸਕਿਆ ਨਾ ਬੰਦ-ਜਿਨੇ ਝੂਠੀਆਂ ਸੌਂਹਾਂ ਖਾਈਆਂ ਮਿੱਤਰੋ 
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ..
ਖ਼ਾਬ ਪੂਰੇ ਕਦੇ ਲੱਗਦਾ ਸਾਡੇ ਹੋਣੇ ਨਾ
ਮੁੱਕਣੇ ਕਦੇ ਵੀ ਇਹ ਰੋਣੇ ਧੋਣੇ ਨਾ
ਹੋਰ ਬੜਾ ਕੁਝ ਬਾਕੀ-ਕੁਝ ਸੱਚੀਆਂ ਬੱਬੀ ਨੇ ਬਤਾਈਆਂ ਮਿੱਤਰੋ 
ਸਾਰਾ ਪੰਜਾਬ ਦਿੱਲੀ ਬੈਠਾ ਰੁਲਦਾ ਕਾਹਦੀਆਂ ਵਧਾਈਆਂ ਮਿੱਤਰੋ
 
ਬਲਬੀਰ ਸਿੰਘ ਬੱਬੀ
7009107300