ਰਜਿ: ਨੰ: PB/JL-124/2018-20
RNI Regd No. 23/1979

ਸੁੰਦਰ ਲਿਖਾਈ ( ਇੱਕ ਕੌੜੀ ਯਾਦ )
 
BY admin / May 03, 2021
ਗੱਲ 2000 ਸੰਨ ਦੀ ਹੈ। ਜਦੋਂ ਮੈਂ ਪੰਜਾਬ ਦੇ ਹਰੇ ਭਰੇ ਅਤੇ   ਖ਼ੁਸ਼ਹਾਲ ਪਿੰਡ ਨੌਰਾ ( ਨਵਾਂ ਸ਼ਹਿਰ ) ਵਿਖੇ ਦੋ ਸਾਲਾ ਈ.ਟੀ.ਟੀ. ਅਧਿਆਪਕ ਦਾ ਦੋ ਸਾਲਾ ਕੋਰਸ ਕਰ ਰਿਹਾ ਸੀ। ਕਰੀਬ ਦੋ ਘੰਟੇ ਦਾ ਸਮਾਂ ਲਗਾ ਕੇ ਤੇ ਇਕਾਗਰ ਮਨ ਕਰਕੇ ਘਰੋਂ ਦਿੱਤੀ ਅਸਾਈਨਮੈਂਟ ਦਾ ਕੰਮ ਮੈਂ ਬਹੁਤ ਸੁੰਦਰ ਲਿਖਾਈ ਵਿੱਚ ਪੂਰਾ ਕੀਤਾ , ਤਾਂ ਜੋ ਸਾਡੇ ਨਵੇਂ ਆਏ ਅਧਿਆਪਕ ਨੂੰ ਮੇਰਾ ਕੰਮ ਪਸੰਦ ਆਵੇ। ਦੂਸਰੇ ਦਿਨ ਅਧਿਆਪਕ ਨੇ ਮੇਰੀ ਸੁੰਦਰ ਲਿਖਾਈ ਦੇਖ ਕੇ ਕਿਹਾ ,  “ ਆਪਣਾ ਕੰਮ ਆਪ ਕਰਿਆ ਕਰੋ  , ਦੂਸਰਿਆਂ ਤੋਂ ਨਹੀਂ ਕਰਵਾਉਣਾ ।“   ਅਧਿਆਪਕ ਪਾਸੋਂ ਇਹ ਲਫ਼ਜ਼ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੇ ਲੱਖ ਸਮਝਾਉਣ ਦੇ ਬਾਵਜੂਦ ਵੀ ( ਕਿ ਇਹ ਸੁੰਦਰ ਲਿਖਾਈ ਵਿੱਚ ਸਾਰਾ ਕੰਮ ਮੈਂ ਬੜੀ ਮਿਹਨਤ ਤੇ ਮਨ ਲਗਾ ਕੇ ਖੁਦ ਕੀਤਾ ਹੈ ) ਮੇਰੇ ਉਸ ਅਧਿਆਪਕ ਨੇ ਮੇਰੀ ਇੱਕ ਨਾ ਸੁਣੀ। ਪਤਾ ਨਹੀਂ ਕਿਉਂ ? ਮੇਰੇ ਉਸ ਅਧਿਆਪਕ ਦੇ ਮੂੰਹੋਂ ਇਹੋ ਬੋਲ ਨਿਕਲੇ , “ ਐਨੀ ਸੁੰਦਰ ਲਿਖਾਈ ਤੇਰੀ ਨਹੀਂ ਹੋ ਸਕਦੀ।“  ਅੱਜ ਜਦੋਂ ਵੀ  “ ਸੁੰਦਰ ਲਿਖਾਈ “  ਸ਼ਬਦ ਮੇਰੇ ਕੰਨ ਵਿੱਚ ਪੈਂਦੇ ਹਨ ਤਾਂ ਸੰਨ 2000 , ਪਿਆਰਾ ਪਿੰਡ ਨੌਰਾ ਤੇ ਮੇਰੇ ਉਸ ਅਧਿਆਪਕ ਦੇ ਉਪਰੋਕਤ ਸ਼ਬਦ ਮੇਰੇ ਖਿਆਲਾਂ ਵਿੱਚ ਆ ਜਾਂਦੇ ਹਨ ਅਤੇ ਮੈਂ ਸੋਚੀਂ ਪੈ ਜਾਂਦਾ ਹਾਂ ਤੇ ਮਨ ਵੀ ਰੋਣ ਨੂੰ ਕਰਦਾ ਹੈ ; ਕਿਉਂਕਿ ਮੈਨੂੰ ਅੱਜ ਤੱਕ ਵੀ ਅਧਿਆਪਕ ਦੇ ਉਸ ਅਵਿਸ਼ਵਾਸ ਦਾ ਉੱਤਰ ਨਹੀਂ ਮਿਲਿਆ। ਇਹ ਘਟਨਾ ਯਾਦ ਕਰਕੇ ਮਨ ਅੱਜ ਵੀ ਭਾਵੁਕ ਤੇ ਵਿਆਕੁਲ ਹੋ ਉੱਠਦਾ ਹੈ ਕਿ ਕਾਸ਼ ! ਮੇਰਾ ਅਧਿਆਪਕ ਮੇਰੇ ਵੱਲੋਂ ਦਿਲ ਲਗਾ ਕੇ ਕੀਤੀ ਸੁੰਦਰ ਲਿਖਾਈ ਦੇ ਕੰਮ ਪ੍ਰਤੀ ਪ੍ਰਸ਼ੰਸਾ ਦੇ ਦੋ ਸ਼ਬਦ ਕਹਿ ਦਿੰਦਾ ਤਾਂ ਮੇਰੇ ਮਨ ‘ਤੇ ਅੱਜ ਇਹ ਬੋਝ ਨਾ ਰਹਿੰਦਾ ਅਤੇ “ ਸੁੰਦਰ - ਲਿਖਾਈ “ ਸ਼ਬਦ ਮੇਰੇ ਲਈ “ ਕੌੜੀ - ਯਾਦ “ ਬਣ ਕੇ ਮੇਰੇ ਦਿਲ ਵਿੱਚ ਨਾ ਚੁੱਭਦੇ। ਕਾਸ਼ !!! 
 
ਮਾਸਟਰ ਸੰਜੀਵ ਧਰਮਾਣੀ
ਮੋ. 9478561356.