ਰਜਿ: ਨੰ: PB/JL-124/2018-20
RNI Regd No. 23/1979

ਨੌਕਰੀ ਵਾਲਿਆਂ ਲਈ ਰਾਹਤ ਭਰੀ ਖ਼ਬਰ, ESIC ਨੇ ਦੁੱਗਣਾ ਕੀਤਾ ਬੇਰੁਜ਼ਗਾਰੀ ਭੱਤਾ, ਨੋਟੀਫਿਕੇਸ਼ਨ ਜਾਰੀ

BY admin / May 03, 2021
ਨੌਕਰੀਪੇਸ਼ਾ ਵਰਗ ਲਈ ਇਹ ਰਾਹਤ ਭਰੀ ਖ਼ਬਰ ਹੈ। ਕੋਰੋਨਾ ਸੰਕਟ ਦੇ ਦੌਰ 'ਚ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ, ਉਨ੍ਹਾਂ ਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਹੁਣ ਸੈਲਰੀ ਦਾ 50 ਫੀਸਦੀ ਪੈਸਾ ਬਤੌਰ ਬੇਰੁਜ਼ਗਾਰੀ ਰਾਹਤ ਰਾਸ਼ੀ ਪ੍ਰਾਪਤ ਕਰਨ ਲਈ ਕਲੇਮ ਕਰ ਸਕਣਗੇ। ESIC ਦੇ ਮੈਂਬਰ ਇਸ ਸੁਵਿਧਾ ਦੇ ਪਾਤਰ ਹੋਣਗੇ। ਕੇਂਦਰੀ ਕਿਰਤ ਮੰਤਰਾਲੇ ਨੇ ਇਸ ਸਬੰਧ 'ਚ ਵੀਰਵਾਰ ਨੂੰ ਨਿਯਮਾਵਲੀ ਜਾਰੀ ਕਰ ਦਿੱਤੀ ਹੋਈ ਹੈ। ਮੰਤਰਾਲੇ ਮੁਤਾਬਿਕ ਲਾਕਡਾਊਨ ਕਾਰਨ ਨੌਕਰੀ ਗੁਆਉਣ ਵਾਲੇ ਲੋਕਾਂ ਲਈ ਬੇਰੁਜ਼ਗਾਰੀ ਰਾਹਤ ਭੱਤਾ ਵੀ ਵਧਾ ਕੇ 50 ਫੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਪਹਿਲਾਂ 25 ਫੀਸਦੀ ਸੀ। ਮੰਤਰਾਲੇ ਨੇ ਜਨਹਿੱਤ 'ਚ ਬਿਆਨ ਜਾਰੀ ਕਰਦਿਆਂ ਇਹ ਵੀ ਸਪਸ਼ਟ ਕੀਤਾ ਹੈ ਕਿ ਨੌਕਰੀ ਗੁਆ ਚੁੱਕੇ ਲੋਕਾਂ ਨੂੰ ਅਟਲ ਬੀਮਿਤ ਕਲਿਆਣ ਯੋਜਨਾ ਤਹਿਤ ਅਪਲਾਈ ਕਰਨ ਦਾ ਫਾਇਦਾ ਮਿਲੇਗਾ।
 
ਕਿਰਤ ਮੰਤਰਾਲੇ ਨੇ ਇਹ ਵੀ ਕਿਹਾ ਕਿ ESIC ਦੀ ਅਧਿਕਾਰਤ ਵੈੱਬਸਾਈਟ 'ਤੇ ਇਹ ਕਲੇਮ ਕੀਤਾ ਜਾ ਸਕਦਾ ਹੈ। ਇਸ ਕਲੇਮ ਦੀ ਪ੍ਰਕਿਰਿਆ ਦੌਰਾਨ ਹਲਫਨਾਮਾ, ਆਧਾਰ ਕਾਰਡ ਦੀ ਫੋਟੋਕਾਪੀ ਤੇ ਬੈਂਕ ਅਕਾਊਂਟ ਦੀ ਡਿਟੇਲ ਸਬੰਧਿਤ ਵਿਅਕਤੀ ESIC ਦੇ ਦਫ਼ਤਰ 'ਚ ਭੇਜਣੀ ਪਵੇਗੀ। ਉਹ ਜਾਂ ਤਾਂ ਖ਼ੁਦ ਜਾ ਕੇ ਦੇ ਸਕਦੇ ਹਨ ਜਾਂ ਡਾਕ ਰਾਹੀਂ ਭੇਜ ਸਕਦੇ ਹਨ। ਰਾਹਤ ਰਾਸ਼ੀ ਦਾ ਭੁਗਤਾਨ ਸਿੱਧੇ ਮੁਲਾਜ਼ਮਾਂ ਦੇ ਬੈਂਕ ਖ਼ਾਤਿਆਂ 'ਚ ਜਮ੍ਹਾਂ ਕੀਤਾ ਜਾਵੇਗਾ।