ਰਾਹੁਲ ਗਾਂਧੀ ਕੱਲ ਪੰਜਾਬ ਆਉਣਗੇ, ਜਲੰਧਰ ਛਾਉਣੀ ’ਚ ਕਰਨਗੇ ਵਰਚੁਅਲ ਰੈਲੀ
ਜਲੰਧਰ, 25 ਜਨਵਰੀ (ਜੇ. ਐਸ. ਸੋਢੀ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਫੇਰੀ ਦੇ ਨਾਲ-ਨਾਲ ਵਿਧਾਨ ਸਭਾ ਚੋਣ ਪ੍ਰਚਾਰ ਲਈ ਬਿਗਲ ਵਜਾਉਣਗੇ। ਉਹ ਪਹਿਲਾਂ ਅੰਮਿ੍ਰਤਸਰ ਪਹੁੰਚ ਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਤੇ ਫਿਰ ਸੜਕੀ ਰਸਤੇ ਜਲੰਧਰ ਪਹੁੰਚਣਗੇ। ਜਲੰਧਰ ਤੋਂ ਹੀ ਉਹ ਪੰਜਾਬ ਲਈ ਵਰਕਰਾਂ ਨੂੰ ਸੰਬੋਧਨ ਕਰਨਗੇ। ਇਸ ਦੇ ਲਈ ਡਿਜੀਟਲ ਪਲੇਟਫਾਰਮ ਦੀ ਵਰਤੋਂ ਕੀਤੀ ਜਾਵੇਗੀ। ਰੈਲੀ ਦਾ ਕੇਂਦਰ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ‘ਚ ਹੋਵੇਗਾ। ਇੱਥੇ ਕੈਬਨਿਟ ਮੰਤਰੀ ਪਰਗਟ ਸਿੰਘ ਕਾਂਗਰਸ ਦੇ ਉਮੀਦਵਾਰ ਹਨ। ਜ?ਿਲ੍ਹਾ ਕਾਂਗਰਸ ਜਲੰਧਰ ਸਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਦਾ ਕਹਿਣਾ ਹੈ ਕਿ 27 ਜਨਵਰੀ ਦੀ ਵਰਚੁਅਲ ਰੈਲੀ ਦੀਆਂ ਤਿਆਰੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿੱਚ ਛੋਟੇ ਸਮੂਹਾਂ ‘ਚ ਮਜਦੂਰਾਂ ਨੂੰ ਐਲਈਡੀ ਤੇ ਹੋਰ ਡਿਜੀਟਲ ਮਾਧਿਅਮ ਰਾਹੀਂ ਲਿੰਕ ਭੇਜ ਕੇ ਜੋੜਿਆ ਜਾਵੇਗਾ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ 27 ਜਨਵਰੀ ਨੂੰ ਜਲੰਧਰ ਫੇਰੀ ਦਾ ਸਿੱਧਾ ਲਾਭ ਕੈਬਨਿਟ ਮੰਤਰੀ ਪਰਗਟ ਸਿੰਘ ਨੂੰ ਮਿਲੇਗਾ। ਰਾਹੁਲ ਗਾਂਧੀ ਜਲੰਧਰ ਕੈਂਟ ਵਿਖੇ ਰੁਕਣਗੇ ਤੇ ਵਰਚੁਅਲ ਰੈਲੀ ਰਾਹੀਂ ਵਰਕਰਾਂ ਨੂੰ ਸੰਬੋਧਨ ਕਰਨਗੇ। ਰਾਹੁਲ ਗਾਂਧੀ ਕੈਂਟ ਅਸੈਂਬਲੀ ਹਾਲ ‘ਚ 66 ਫੁੱਟ ਰੋਡ ‘ਤੇ ਵਾਈਟ ਡਾਇਮੰਡ ਰਿਜੋਰਟ ‘ਚ ਰੁਕ ਕੇ ਪ੍ਰੋਗਰਾਮ ਕਰਨਗੇ। ਵ੍ਹਾਈਟ ਡਾਇਮੰਡ ਰਿਜੋਰਟ ਵਿੱਚ ਵੀ ਵਰਕਰਾਂ ਨੂੰ ਬੁਲਾਇਆ ਜਾਣਾ ਹੈ।