ਰਜਿ: ਨੰ: PB/JL-124/2018-20
RNI Regd No. 23/1979

ਉੱਤਰ ਭਾਰਤ ’ਚ ਮੌਸਮ ਨੇ ਬਦਲਿਆ ਮਿਜ਼ਾਜ, ਤੇਜ਼ ਮੀਂਹ ਹਨੇਰੀ ਨਾਲ ਪਾਰਾ ਹੇਠਾਂ ਡਿੱਗਿਆ
 
BY admin / May 23, 2022

ਨਵੀਂ ਦਿੱਲੀ, 23 ਮਈ, (ਯੂ.ਐਨ.ਆਈ.)- ਉੱਤਰ ਭਾਰਤ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਭਾਰੀ ਬਰਸਾਤ ਤੇ ਹਨੇਰੀ ਕਰਕੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪੰਜਾਬ, ਹਰਿਆਣਾ ਸਮੇਤ ਹੋਰ ਕਈ ਸੂਬਿਆਂ ਵਿੱਚ ਤੇਜ਼ ਮੀਂਹ ਤੇ ਹਨੇਰੀ ਚੱਲਣ ਦੀਆਂ ਖ਼ਬਰਾਂ ਮਿਲੀਆਂ। ਪੰਜਾਬ ਦੀ ਗੱਲ ਕੀਤੀ ਜਾਏ ਤਾਂ ਰਾਤੀਂ ਕਰੀਬ 12.30 ਤੋਂ 1.30 ਵਜੇ ਲਗਾਤਾਰ ਤੇਜ਼ ਮੀਂਹ ਪੈਂਦਾ ਰਿਹਾ, ਜਿਸ ਕਾਰਨ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ ਹੇਠਾਂ ਡਿੱਗ ਕੇ 29 ਡਿਗਰੀ ਸੈਲਸੀਅਸ ;ਤੇ ਆ ਪਹੁੰਚਿਆ। ਪੱਛਮੀ ਗੜਬੜੀ ਕਾਰਨ ਹਿਮਾਚਲ ਪ੍ਰਦੇਸ਼ ਦਾ ਮੌਸਮ ਪਿਛਲੇ ਕੁਝ ਦਿਨਾਂ ਤੋਂ ਬਦਲ ਰਿਹਾ ਹੈ। ਸੋਮਵਾਰ, 23 ਮਈ ਨੂੰ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਗਰਜ, ਭਾਰੀ ਮੀਂਹ ਅਤੇ ਗੜੇਮਾਰੀ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਆਈਐਮਡੀ ਮੁਤਾਬਕ ਸੋਮਵਾਰ ਨੂੰ ਹਿਮਾਚਲ ਦੇ ਸਾਰੇ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਹਵਾਵਾਂ ਵੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਹਿਮਾਚਲ ’ਚ ਕੁਝ ਥਾਵਾਂ ’ਤੇ ਆਸਮਾਨੀ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਜਤਾਈ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ, ਵੈਸਟਰਨ ਡਿਸਟਰਬੈਂਸ ਦੀ ਗਤੀਵਿਧੀ ਕਾਰਨ 22 ਮਈ ਯਾਨੀ ਐਤਵਾਰ ਤੋਂ ਹੀ ਮੌਸਮ ’ਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਮੈਦਾਨੀ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਗਰਜ ਹੋ ਰਹੀ ਹੈ। ਇਸ ਦੌਰਾਨ 30 ਤੋਂ 40 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ 23 ਮਈ ਨੂੰ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕਰਕੇ ਸਾਵਧਾਨ ਰਹਿਣ ਲਈ ਕਿਹਾ ਹੈ। ਇਸ ਦੌਰਾਨ ਮੈਦਾਨੀ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਤੇਜ਼ ਹਨ੍ਹੇਰੀ ਹੋਵੇਗੀ ਅਤੇ ਉੱਚ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਗੜੇਮਾਰੀ ਹੋ ਸਕਦੀ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਮੁਤਾਬਕ 24 ਮਈ ਤੱਕ ਹਿਮਾਚਲ ਦਾ ਮੌਸਮ ਅਜਿਹਾ ਹੀ ਰਹੇਗਾ। ਇਸ ਤੋਂ ਬਾਅਦ 25 ਮਈ ਤੋਂ ਇਕ ਵਾਰ ਫਿਰ ਮੌਸਮ ਸਾਫ਼ ਹੋ ਜਾਵੇਗਾ। ਸ਼ਨੀਵਾਰ ਅਤੇ ਐਤਵਾਰ ਨੂੰ ਬਰਾਲਾਚਾ ਦੱਰਾ, ਰਘੁਪੁਰਗੜ੍ਹ, ਕੁੰਜੁਮ ਦੱਰਾ, ਰੋਹਤਾਂਗ ਦੱਰਾ, ਨੀਲਕੰਠ, ਲੇਡੀ ਆਫ ਕੇਲੋਂਗ, ਘੇਪਨ ਪੀਕ, ਮੁਲਕੀਲਾ, ਮਕਵੇਰੇ, ਸ਼ਿਕਵਾਰੇ ਦੀਆਂ ਚੋਟੀਆਂ ’ਤੇ ਬਰਫਬਾਰੀ ਦੇ ਨਾਲ ਗੜੇਮਾਰੀ ਹੋਈ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਮੈਦਾਨੀ ਇਲਾਕਿਆਂ ’ਚ ਤੇਜ਼ ਧੁੱਪ ਕਾਰਨ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ। ਊਨਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਿਲਾਸਪੁਰ ’ਚ 37.6, ਹਮੀਰਪੁਰ ’ਚ 36.9, ਕਾਂਗੜਾ ’ਚ 35, ਚੰਬਾ ’ਚ 33.4, ਮੰਡੀ ’ਚ 33.6, ਸੁੰਦਰਨਗਰ ’ਚ 35.2, ਭੁੰਤਰ ’ਚ 32.5, ਸੋਲਨ ’ਚ 31.5, ਧਰਮਸ਼ਾਲਾ ’ਚ 34.2, ਸ਼ੀਲਾ ’ਚ 34.6, 23.3. ਮਨਾਲੀ, ਪਾਲਮਪੁਰ ਵਿੱਚ 29.9, ਡਲਹੌਜ਼ੀ ਵਿੱਚ 27.4, ਕਲਪਾ ਵਿੱਚ 20, ਕੁਫਰੀ ਵਿੱਚ 18 ਅਤੇ ਕੇਲੋਂਗ ਵਿੱਚ 15 ਡਿਗਰੀ ਸੈਲਸੀਅਸ ਤਾਪਮਾਨ ਰਿਹਾ।