ਰਜਿ: ਨੰ: PB/JL-124/2018-20
RNI Regd No. 23/1979

ਰੱਦ ਹੋਈ ਗਣਿਤ ਦੀ ਪ੍ਰੀਖਿਆ 27 ਮਈ ਨੂੰ ਹੋਵੇਗੀ
 
BY admin / May 23, 2022
ਮੋਹਾਲੀ, 23 ਮਈ, (ਯੂ.ਐਨ.ਆਈ.)- ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ) ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਸਿੱਖਿਆ ਬੋਰਡ ਲੁਧਿਆਣਾ ਦੇ ਇਆਲੀ ਖੁਰਦ ਵਿਖੇ ਨਕਲ ਕਾਰਨ ਰੱਦ ਹੋਈ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ 27 ਮਈ ਨੂੰ ਲਵੇਗਾ। ਇਹ ਪ੍ਰੀਖਿਆ ਦੁਪਹਿਰੇ 1 ਵਜੇ ਲਈ ਜਾਵੇਗੀ। ਸਿੱਖਿਆ ਬੋਰਡ ਦੇ ਸਕੱਤਰ ਸਵਾਤੀ ਟਿਵਾਣਾ ਨੇ ਦੱਸਿਆ ਕਿ ਨਕਲ ਬਾਰੇ ਗੰਭੀਰ ਨੋਟਿਸ ਲੈਂਦਿਆਂ ਪ੍ਰੀਖਿਆ ਕੇਂਦਰ ਵੀ ਬਦਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ 10ਵੀਂ ਜਮਾਤ ਟਰਮ-2 ਗਣਿਤ ਵਿਸ਼ੇ ਦਾ ਪੇਪਰ ਸੀ ਤੇ ਇਆਲੀ ਖੁਰਦ ਦੇ ਇਸ ਪ੍ਰੀਖਿਆ ਕੇਂਦਰ ’ਚ 250 ਵਿਦਿਆਰਥੀ ਪ੍ਰਰੀਖਿਆ ਦੇ ਰਹੇ ਸਨ ਜਿਸ ਬਾਰੇ ਬੋਰਡ ਮੈਨੇਜਮੈਂਟ ਨੂੰ ਕਿਸੇ ਨੇ ਨਕਲ ਕਰਾਉਣ ਸਬੰਧੀ ਸਬੂਤਾਂ ਵਾਲੀ ਵੀਡੀਓ ’ਤੇ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਪ੍ਰੀਖਿਆ ਕੇਂਦਰ ਕੋਡ 43081 ’ਚ ਕੰਟਰੋਲਰ ਤੇ ਆਬਜ਼ਰਵਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਬੋਰਡ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਜਿਸ ’ਚ ਸਬੰਧਤ ਸਕੂਲ ਦੇ ਹੀ ਗਣਿਤ ਵਿਸ਼ੇ ਦੇ ਅਧਿਆਪਕਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਪ੍ਰੀਖਿਆ ਦਾ ਸੰਚਾਲਨ ਪ੍ਰਭਾਵਿਤ ਹੋਇਆ ਤੇ ਵਿਘਨ ਪਿਆ। ਇਸ ਸਬੰਧੀ ਬੋਰਡ ਨੇ ਡੀਜੀਐੱਸਈ ਸਿੱਖਿਆ ਨੂੰ ਵੀ ਪੱਤਰ ਲਿਖਿਆ ਤੇ ਸਕੂਲ ਦੇ ਇਨ੍ਹਾਂ ਅਧਿਆਪਕਾਂ ਤੇ ਪ੍ਰੀਖਿਆ ਕੇਂਦਰ ਦੇ ਸਟਾਫ ਪਾਸੋਂ ਸਪੱਸ਼ਟੀਕਰਨ ਮੰਗਦਿਆਂ ਬੋਰਡ ਮੈਨੇਜਮੈਂਟ ਨੇ ਇਸ ਮਾਮਲੇ ਦੀ ਪੜਤਾਲ ਲਈ ਵੱਖਰੇ ਤੌਰ ’ਤੇ ਵੀ ਪੜਤਾਲੀਆ ਅਫ਼ਸਰ ਵੀ ਨਿਯੁਕਤ ਕੀਤਾ ਸੀ। ਦੱਸਣਾ ਬਣਦਾ ਹੈ ਕਿ ਅਕਾਦਮਿਕ ਸਾਲ 2021-22 ਨਾਲ ਸਬੰਧਤ ਪ੍ਰੀਖਿਆਵਾਂ ’ਚ ਨਕਲ ਦਾ ਇਹ ਪਹਿਲਾ ਅਜਿਹਾ ਮਾਮਲਾ ਸੀ ਜਿਸ ਕਰਕੇ ਕਿਸੇ ਪ੍ਰੀਖਿਆ ਕੇਂਦਰ ’ਚ ਪੇਪਰ ਰੱਦ ਕਰਨਾ ਪਿਆ ਹੋਵੇ।