ਸਿੱਧੂ ਮੂਸੇਵਾਲਾ ਦੇ ਕਤਲ ਦਾ ਸਬੰਧ ਬਿਹਾਰ ਨਾਲ ਜੁੜਿਆ, ਗਿ੍ਰਫ਼ਤਾਰ ਕੀਤਾ ਇੱਕ ਹੋਰ ਗੈਂਗਸਟਰ
ਚੰਡੀਗੜ੍ਹ, 17 ਜੂਨ, (ਦਵਿੰਦਰਜੀਤ ਸਿੰਘ ਦਰਸ਼ੀ)- ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਸਬੰਧ ਬਿਹਾਰ ਦੇ ਗੋਪਾਲਗੰਜ ਨਾਲ ਜੁੜਿਆ ਹੈ। ਗੋਪਾਲਗੰਜ ਦੇ ਐਸਪੀ ਆਨੰਦ ਕੁਮਾਰ ਨੇ ਗੈਂਗਸਟਰ ਦੀ ਗਿ੍ਰਫਤਾਰੀ ਦੀ ਪੁਸ਼ਟੀ ਕੀਤੀ ਹੈ। ਗਿ੍ਰਫਤਾਰ ਰਾਜਾ ਦਿੱਲੀ, ਪੰਜਾਬ ਅਤੇ ਬਿਹਾਰ ਦੇ ਗੈਂਗਸਟਰਾਂ ਲਈ ਕੰਮ ਕਰਦਾ ਸੀ। ਪੰਜਾਬ ਪੁਲਿਸ ਅਤੇ ਗੋਪਾਲਗੰਜ ਪੁਲਿਸ ਨੇ ਗੈਂਗਸਟਰ ਦੀ ਗਿ੍ਰਫਤਾਰੀ ਲਈ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਮੁਹੰਮਦ ਰਾਜਾ ਦੇ ਨਜ਼ਦੀਕੀ ਗੈਂਗਸਟਰ ਸ਼ਕਤੀ ਸਿੰਘ ਅਤੇ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਅਫਜ਼ਲ ਖਾਨ ਨੂੰ ਗਿ੍ਰਫਤਾਰ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਮੂਸੇਵਾਲਾ ਕਤਲ ਕਾਂਡ ਦੇ ਸਬੰਧ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਅਨੁਸਾਰ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ 4 ਜੂਨ ਨੂੰ ਅੰਤਰਰਾਸ਼ਟਰੀ ਅਤੇ ਭਾਰਤੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਈਆਂ ਸਨ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਦੱਸ ਕੇ ਕਾਲ ਕਰਨ ਵਾਲਿਆਂ ਨੇ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਅਤੇ ਅਜਿਹਾ ਨਾ ਕਰਨ ਉੱਤੇ ਸਿੱਧੂ ਮੂਸਾਵਾਲਾ ਵਾਲਾ ਹਾਲ ਕਰਨ ਦੀ ਧਮਕੀ ਦਿੱਤੀ। ਲੁਧਿਆਣਾ ਪੁਲਿਸ ਵੱਲੋਂ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਦੋਸ਼ੀਆਂ ਦੇ ਕਾਲ ਡਿਟੇਲ ਦੀ ਜਾਂਚ ਕੀਤੀ ਗਈ। ਦੋਸ਼ੀ ਦੀ ਲੋਕੇਸ਼ਨ ਦਿੱਲੀ ’ਚ ਮਿਲੀ। ਪੰਜਾਬ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਦਿੱਲੀ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਫੜਿਆ ਹੈ। ਗੋਪਾਲਗੰਜ ਦੇ ਐੱਸਪੀ ਆਨੰਦ ਕੁਮਾਰ ਨੇ ਦੱਸਿਆ ਕਿ ਸਥਾਨਕ ਮੀਰਗੰਜ ਥਾਣੇ ਦੀ ਪੁਲਿਸ ਕਾਰਵਾਈ ’ਚ ਸ਼ਾਮਲ ਸੀ। ਅਦਾਲਤ ਦੇ ਹੁਕਮਾਂ ’ਤੇ ਗਿ੍ਰਫਤਾਰ ਰਾਜਾ ਨੂੰ ਟਰਾਂਜ਼ਿਟ ਰਿਮਾਂਡ ’ਤੇ ਪੰਜਾਬ ਲਿਆਇਆ ਗਿਆ ਸੀ। ਜਿਸ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਲੁੱਟ ਦਾ ਪੈਸਾ ਰਾਜੇ ਦੇ ਬੈਂਕ ਖਾਤੇ ਵਿੱਚ ਆਉਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਪੰਜਾਬ ਦਾ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸੀ, ਜਿਸ ਦਾ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਸ਼ੂਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਖਾਸ ਕਰਕੇ ਗੋਲਡੀ ਬਰਾੜ ਨੇ ਗਾਇਕ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ 4 ਜੂਨ ਨੂੰ ਲੁਧਿਆਣਾ ਦੇ ਵਪਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਫਿਰੌਤੀ ਦੀ ਰਕਮ ਨਾ ਦੇਣ ’ਤੇ ਮੂਸੇਵਾਲਾ ਵਰਗੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਫਿਲਹਾਲ ਪੰਜਾਬ ਪੁਲਿਸ ਗੋਪਾਲਗੰਜ ਦੇ ਗੈਂਗਸਟਰ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਕੁਝ ਹੋਰ ਖੁਲਾਸੇ ਹੋ ਸਕਦੇ ਹਨ।