ਰਜਿ: ਨੰ: PB/JL-124/2018-20
RNI Regd No. 23/1979

ਅਸਾਮ ’ਚ ਹੜ੍ਹ ਕਾਰਨ ਹਜ਼ਾਰਾਂ ਪਿੰਡ ਡੁੱਬੇ, ਹੁਣ ਤਕ 54 ਲੋਕਾਂ ਦੀ ਮੌਤ; ਫੌਜ ਨੇ ਸੰਭਾਲਿਆ ਮੋਰਚਾ
 
BY admin / June 18, 2022
ਗੁਹਾਟੀ, 18 ਜੂਨ, (ਯੂ.ਐਨ.ਆਈ.)- ਅਸਾਮ ਵਿੱਚ ਲਗਾਤਾਰ ਮੀਂਹ ਕਾਰਨ ਹੜ੍ਹ ਆਉਣ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਹੜ੍ਹ ਦੀ ਸਥਿਤੀ ਇੰਨੀ ਖਰਾਬ ਹੈ ਕਿ ਲੋਕ ਰੋ ਰਹੇ ਹਨ। ਇਸ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਮੁਤਾਬਕ ਅਸਾਮ ਵਿੱਚ ਸ਼ੁੱਕਰਵਾਰ ਨੂੰ ਹੜ੍ਹ ਕਾਰਨ ਨੌਂ ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 54 ਹੋ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤਕ 28 ਜ਼ਿਲ੍ਹਿਆਂ ਵਿੱਚ 18.94 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।ਇਸ ਦੌਰਾਨ ਸਥਿਤੀ ਵਿਗੜਦੀ ਦੇਖ ਕੇ ਫੌਜ ਨੇ ਮੋਰਚਾ ਸੰਭਾਲ ਲਿਆ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ, ਗਜਰਾਜ ਕੋਰ ਦੀਆਂ 9 ਸੰਯੁਕਤ ਟੀਮਾਂ ਨੂੰ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਲਈ ਸੇਵਾ ਵਿੱਚ ਲਗਾਇਆ ਗਿਆ ਹੈ। ਮੌਤਾਂ ਅਸਾਮ ਦੇ ਹੋਜਈ, ਨਲਬਾੜੀ, ਬਜਲੀ, ਧੂਬਰੀ, ਕਾਮਰੂਪ, ਕੋਕਰਾਝਾਰ ਅਤੇ ਸੋਨਿਤਪੁਰ ਜ਼ਿਲ੍ਹਿਆਂ ਤੋਂ ਹੋਈਆਂ ਹਨ। ਜਾਣਕਾਰੀ ਅਨੁਸਾਰ ਇਸ ਸਮੇਂ 96 ਮਾਲ ਮੰਡਲਾਂ ਅਧੀਨ ਪੈਂਦੇ 2930 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਜ਼ਿਕਰਯੋਗ ਹੈ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 43338.39 ਹੈਕਟੇਅਰ ਫ਼ਸਲੀ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ। ਸੂਬੇ ’ਚ ਕਈ ਥਾਵਾਂ ’ਤੇ ਬੇਕੀ, ਮਾਨਸ, ਪਾਗਲਦੀਆ, ਪੁਥਿਮਾਰੀ, ਜੀਆ ਭਰਾਲੀ, ਕੋਪਿਲੀ ਅਤੇ ਬ੍ਰਹਮਪੁੱਤਰ ਨਦੀਆਂ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ।