ਰਜਿ: ਨੰ: PB/JL-124/2018-20
RNI Regd No. 23/1979

ਸਾਬਕਾ ਵਿਧਾਇਕ ਬੋਨੀ ਦਾ ਦਾਅਵਾ, ਬਿਸ਼ਨੋਈ ਗੈਂਗ ਤੋਂ ਆਈ ਫਿਰੌਤੀ ਦੀ ਕਾਲ, ਮੰਗੇ ਢਾਈ ਲੱਖ ਰੁਪਏ
 
BY admin / June 19, 2022
ਅੰਮਿ੍ਰਤਸਰ, 19 ਜੂਨ, (ਯੂ.ਐਨ.ਆਈ.)- ਸਾਬਕਾ ਵਿਧਾਇਕ ਤੇ ਅਕਾਲੀ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਸੁਰੱਖਿਆ ਲਈ ਪੁਲਿਸ ਕੋਲ ਪਹੁੰਚ ਕਰਕੇ ਆਰੋਪ ਲਾਇਆ ਹੈ ਕਿ ਉਸ ਨੂੰ ਬਿਸ਼ਨੋਈ ਗੈਂਗ ਦੇ ਮੈਂਬਰ ਭਿੰਦਾ ਵੱਲੋਂ ਫਿਰੌਤੀ ਦੀ ਕਾਲ ਆਈ ਸੀ।ਆਪਣੇ ਬਿਆਨ ’ਚ ਬੋਨੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਸ ਨੂੰ ਬਿਸ਼ਨੋਈ ਗੈਂਗ ਦਾ ਭਿੰਦਾ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਤੋਂ ਵ੍ਹਟਸਐਪ ਕਾਲ ਆਈ। ਉਸ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਤੋਂ “ਪ੍ਰੋਟੈਕਸ਼ਨ ਮਨੀ” ਵਜੋਂ 2.5 ਲੱਖ ਰੁਪਏ ਦੀ ਮੰਗ ਕੀਤੀ ਹੈ। ਫੋਨ ਕਰਨ ਵਾਲੇ ਨੇ ਉਸਨੂੰ ਐਸਬੀਆਈ ਖਾਤੇ ਵਿੱਚ ਰਕਮ ਜਮ੍ਹਾ ਕਰਨ ਲਈ ਕਿਹਾ। ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਤੋਂ ਡਰਦੇ ਹੋਏ ਬੋਨੀ ਨੇ ਪੁਲਿਸ ਕਮਿਸ਼ਨਰ ਨੂੰ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ।ਭਿੰਦਾ ਖਿਲਾਫ ਧਾਰਾ 387 ਅਤੇ 506, ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਮਾਮਲੇ ਦੇ ਤੱਥਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੰਮਿ੍ਰਤਸਰ ਦਿਹਾਤੀ ਪੁਲੀਸ ਨੇ ਕੰਬੋਹ ਥਾਣੇ ਅਧੀਨ ਪੈਂਦੇ ਪਿੰਡ ਵਡਾਲਾ ਭਿੱਟੇਵੜ ਦੇ ਇੱਕ ਵਪਾਰੀ ਨੂੰ ਫਿਰੌਤੀ ਮੰਗਣ ਦੇ ਦੋਸ਼ ਹੇਠ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਇੱਕ ਫੋਨ ਆਇਆ ਜਿਸ ਵਿੱਚ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੋਲਡੀ ਬਰਾੜ ਵਜੋਂ ਦਿੱਤੀ ਅਤੇ 5 ਲੱਖ ਰੁਪਏ ਦੀ ਮੰਗ ਕੀਤੀ।