ਰਜਿ: ਨੰ: PB/JL-124/2018-20
RNI Regd No. 23/1979

ਆਸਾਮ ’ਚ ਹੜ੍ਹ ਵਿਚ ਡੁੱਬੇ 5 ਹਜ਼ਾਰ ਤੋਂ ਵੱਧ ਪਿੰਡ, 24 ਘੰਟਿਆਂ ’ਚ 9 ਲੋਕਾਂ ਦੀ ਮੌਤ
 
BY admin / June 20, 2022
ਗੁਹਾਟੀ, 20 ਜੂਨ, (ਯੂ. ਐਨ. ਆਈ.)- ਆਸਾਮ ਵਿੱਚ ਹੜ੍ਹ ਨੇ ਇੱਕ ਵਾਰ ਫਿਰ ਭਿਆਨਕ ਰੂਪ ਧਾਰਨ ਕਰ ਲਿਆ ਹੈ। ਆਲਮ ਇਹ ਹੈ ਕਿ ਹੁਣ ਤੱਕ 5 ਹਜ਼ਾਰ ਤੋਂ ਵੱਧ ਪਿੰਡ ਹੜ੍ਹਾਂ ਵਿੱਚ ਡੁੱਬ ਚੁੱਕੇ ਹਨ। ਇਸ ਦੇ ਨਾਲ ਹੀ 33 ਜ਼ਿਲ੍ਹਿਆਂ ਦੇ 42 ਲੱਖ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਅਸਾਮ ਵਿੱਚ ਹੜ੍ਹਾਂ ਨੇ ਕਿੰਨੀ ਤਬਾਹੀ ਮਚਾਈ ਹੋਈ ਹੈ, ਇਸ ਦਾ ਅੰਦਾਜ਼ਾ ਲਗਾਓ ਕਿ ਪਿਛਲੇ 24 ਘੰਟਿਆਂ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਕੋਪਿਲੀ ਅਤੇ ਬ੍ਰਹਮਪੁੱਤਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਤੋਂ ਇਲਾਵਾ ਛੇ ਹੋਰ ਦਰਿਆਵਾਂ ਵੀ ਵਹਿ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 1.80 ਲੱਖ ਲੋਕਾਂ ਨੇ 744 ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਦੇ ਅਨੁਸਾਰ, ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਛੇ ਵਿਅਕਤੀ ਡੁੱਬ ਗਏ ਜਦੋਂ ਕਿ ਜ਼ਮੀਨ ਖਿਸਕਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਅੱਠ ਵਿਅਕਤੀ ਲਾਪਤਾ ਹਨ। ਇਸ ਨਾਲ ਇਸ ਸਾਲ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 71 ਹੋ ਗਈ ਹੈ। ਬਾਰਪੇਟਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ ਜਿੱਥੇ 12.76 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹਨ, ਇਸ ਤੋਂ ਬਾਅਦ ਦਾਰੰਗ ਲਗਭਗ 3.94 ਲੱਖ ਲੋਕ ਅਤੇ ਨਗਾਓਂ 3.64 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹਨ। ਕਚਾਰ, ਦੀਮਾ ਹਸਾਓ, ਗੋਲਪਾੜਾ, ਹੇਲਾਕਾਂਡੀ, ਕਾਮਰੂਪ ਮੈਟਰੋਪੋਲੀਟਨ ਅਤੇ ਕਰੀਮਗੰਜ ਤੋਂ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ ਹੈ। ਸ਼ਨੀਵਾਰ ਤੱਕ ਸੂਬੇ ਦੇ 27 ਜ਼ਿਲਿਆਂ ’ਚ ਹੜ੍ਹਾਂ ਨਾਲ ਕਰੀਬ 31 ਲੱਖ ਲੋਕ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ ਸੋਮਵਾਰ ਲਈ ’ਆਰੇਂਜ ਅਲਰਟ’ ਜਾਰੀ ਕੀਤਾ ਹੈ, ਜਦੋਂ ਕਿ ਮੰਗਲਵਾਰ ਤੋਂ ਵੀਰਵਾਰ ਲਈ ’ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਅਗਲੇ 48 ਘੰਟਿਆਂ ਦੌਰਾਨ, ਉੱਤਰ-ਪੂਰਬੀ ਰਾਜਾਂ ਵਿੱਚ ਅਲੱਗ-ਥਲੱਗ ਥਾਵਾਂ ’ਤੇ ਗਰਜ ਨਾਲ ਬਾਰਿਸ਼ ਜਾਂ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ ਤੀਬਰਤਾ ਵਿੱਚ ਕਮੀ ਆਵੇਗੀ। ਏਐਸਡੀਐਮਏ ਨੇ ਦੱਸਿਆ ਕਿ ਇਸ ਸਮੇਂ 5,137 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ 1,07,370.43 ਹੈਕਟੇਅਰ ਫਸਲੀ ਰਕਬਾ ਨੁਕਸਾਨਿਆ ਗਿਆ ਹੈ। ਅਧਿਕਾਰੀ 27 ਜ਼ਿਲ੍ਹਿਆਂ ਵਿੱਚ 1,147 ਰਾਹਤ ਕੈਂਪ ਅਤੇ ਵੰਡ ਕੇਂਦਰ ਚਲਾ ਰਹੇ ਹਨ, ਜਿੱਥੇ 29,722 ਬੱਚਿਆਂ ਸਮੇਤ 1,86,424 ਲੋਕ ਪਨਾਹ ਲੈ ਰਹੇ ਹਨ। ਪਿਛਲੇ 24 ਘੰਟਿਆਂ ’ਚ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ 8,760 ਲੋਕਾਂ ਨੂੰ ਬਚਾਇਆ ਗਿਆ ਹੈ।