ਰਜਿ: ਨੰ: PB/JL-124/2018-20
RNI Regd No. 23/1979

ਰਾਸ਼ਟਰਪਤੀ ਚੋਣ ਦੇ ਉਮੀਦਵਾਰ ਨੂੰ ਲੈ ਕੇ ਸੀਤਾਰਾਮ ਯੇਚੁਰੀ ਤੇ ਸ਼ਰਦ ਪਵਾਰ ਦੀ ਮੁਲਾਕਾਤ
 
BY admin / June 20, 2022
ਨਵੀਂ ਦਿੱਲੀ, 20 ਜੂਨ, (ਯੂ. ਐਨ. ਆਈ.)-  ਸੀਤਾਰਾਮ ਯੇਚੁਰੀ ਨੇ ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਬਾਰੇ ਫੈਸਲੇ ਲਈ ਅੱਜ ਵੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਹੈ। ਇਸ ਬੈਠਕ ’ਚ ਕੀ ਚਰਚਾ ਹੋਈ ਹੈ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ’ਚ ਦੋਵਾਂ ਨੇ ਵਿਰੋਧੀ ਉਮੀਦਵਾਰ ਨੂੰ ਲੈ ਕੇ ਚਰਚਾ ਕੀਤੀ ਹੈ। ਦਰਅਸਲ, ਸ਼ਰਦ ਪਵਾਰ ਪਹਿਲਾਂ ਹੀ ਰਾਸ਼ਟਰਪਤੀ ਅਹੁਦੇ ਲਈ ਆਪਣਾ ਨਾਂ ਹਟਾ ਚੁੱਕੇ ਹਨ। ਇਸ ਤੋਂ ਬਾਅਦ ਗੋਪਾਲ ਕਿ੍ਰਸ਼ਨ ਗਾਂਧੀ ਦਾ ਨਾਂ ਸਾਹਮਣੇ ਆਇਆ, ਜਿਸ ਨੂੰ ਲੈ ਕੇ ਕਾਫੀ ਭੰਬਲਭੂਸਾ ਚੱਲ ਰਿਹਾ ਹੈ। ਦਰਅਸਲ, ਭਰੋਸੇਯੋਗ ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਸਾਹਮਣੇ ਹੁਣ ਤੱਕ ਸਿਰਫ਼ ਗੋਪਾਲ ਕਿ੍ਰਸ਼ਨ ਗਾਂਧੀ ਦਾ ਹੀ ਨਾਂਅ ਹੈ, ਹਾਲਾਂਕਿ ਗੋਪਾਲ ਕਿ੍ਰਸ਼ਨ ਗਾਂਧੀ ਇਸ ਨੂੰ ਲੈ ਕੇ ਉਤਸ਼ਾਹਿਤ ਨਹੀਂ ਹਨ, ਪਰ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜੇਕਰ ਉਹ ਵੀ ਨਾ ਮੰਨੇ ਤਾਂ ਵਿਰੋਧੀ ਧਿਰ ਕਿਸੇ ਹੋਰ ਨਾਂ ’ਤੇ ਵਿਚਾਰ ਕਰੇਗੀ। ਪਵਾਰ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਦਾ ਨਾਂ ਵੀ ਅਜੇ ਤੱਕ ਵਿਚਾਰ ’ਚ ਨਹੀਂ ਹੈ। ਅੱਜ ਰਾਤ ਤੱਕ ਕੁਝ ਸਪੱਸ਼ਟ ਹੋਣ ਦੀ ਸੰਭਾਵਨਾ ਹੈ। ਮਮਤਾ ਬੈਨਰਜੀ ਦੀ ਪਿਛਲੀ ਮੀਟਿੰਗ ਵਿੱਚ ਵਿਰੋਧੀ ਧਿਰ ਵਿੱਚ ਫੁੱਟ ਪੈ ਗਈ ਸੀ। ਉਨ੍ਹਾਂ ਨੇ 22 ਪਾਰਟੀਆਂ ਦੀ ਮੀਟਿੰਗ ਬੁਲਾਈ ਸੀ, ਜਿਸ ਵਿੱਚ ਸਿਰਫ਼ 17 ਪਾਰਟੀਆਂ ਨੇ ਹਿੱਸਾ ਲਿਆ ਸੀ। ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸ਼ਰਦ ਪਵਾਰ ਦੀ ਬੈਠਕ ’ਚ ਸਿਰਫ 17 ਪਾਰਟੀਆਂ ਹੀ ਹਿੱਸਾ ਲੈ ਸਕਦੀਆਂ ਹਨ। ਮੀਟਿੰਗ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ, ਐਨਸੀਪੀ, ਡੀਐਮਕੇ, ਆਰਜੇਡੀ ਅਤੇ ਖੱਬੀਆਂ ਪਾਰਟੀਆਂ ਸ਼ਾਮਲ ਹੋਈਆਂ। ਜਦੋਂ ਕਿ ਆਮ ਆਦਮੀ ਪਾਰਟੀ, ਤੇਲੰਗਾਨਾ ਰਾਸ਼ਟਰ ਸਮਿਤੀ, ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਡੀ ਨੇ ਚਰਚਾ ਤੋਂ ਕਿਨਾਰਾ ਕਰ ਲਿਆ ਸੀ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਹੀ ’ਆਪ’ ਅਤੇ ਬੀਜੇਡੀ ਕੋਈ ਫੈਸਲਾ ਲੈਣਗੇ। ਹਾਲ ਹੀ ’ਚ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ ’ਚ ਫਾਰੂਕ ਅਬਦੁੱਲਾ ਦਾ ਨਾਂ ਰਾਸ਼ਟਰਪਤੀ ਚੋਣ ਲਈ ਅੱਗੇ ਕੀਤਾ ਗਿਆ ਸੀ। ਪਰ ਸ਼ਰਦ ਪਵਾਰ ਵਰਗੇ ਨੈਸ਼ਨਲ ਕਾਨਫਰੰਸ ਦੇ ਆਗੂ ਨੇ ਖੁਦ ਆਪਣਾ ਨਾਂ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਂ ’ਤੇ ਵਿਚਾਰ ਨਾ ਕੀਤਾ ਜਾਵੇ। ਉਨ੍ਹਾਂ ਆਪਣੀ ਉਮੀਦਵਾਰੀ ਲਈ ਵਿਰੋਧੀ ਧਿਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਇਸ ਸਮੇਂ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਇਸ ਕਾਰਨ 21 ਜੂਨ ਦੀ ਮੀਟਿੰਗ ਵਿੱਚ ਨਵੇਂ ਨਾਂ ’ਤੇ ਵਿਚਾਰ ਕੀਤਾ ਜਾਵੇਗਾ।