ਰਜਿ: ਨੰ: PB/JL-124/2018-20
RNI Regd No. 23/1979

ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰ ਗੁਜਰਾਤ ਤੋਂ ਗਿ੍ਰਫ਼ਤਾਰ
 
BY admin / June 20, 2022
ਨਵੀਂ ਦਿੱਲੀ, 20 ਜੂਨ, (ਯੂ. ਐਨ. ਆਈ.)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਇਕ ਨਵੀਂ ਅਪਡੇਟ ਆਈ ਹੈ।  ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਿ ਸ਼ੁੱਭਦੀਪ ਨੂੰ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰ ਗਿ੍ਰਫ਼ਤਾਰ ਕੀਤੇ ਹਨ। ਪੁਲਿਸ ਨੇ ਗੁਜਰਾਤ ਦੇ ਮੁੰਦਰਾਂ ਤੋਂ ਦੋ ਸ਼ੂਟਰ ਗਿ੍ਰਫ਼ਤਾਰ ਕੀਤੇ ਹਨ। ਗਿ੍ਰਫ਼ਤਾਰ ਕੀਤੇ ਗਏ ਸ਼ੂਟਰਾਂ ਤੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਰੇਕੀ ਕਰਨ ਦੇ ਦੋਸ਼ ਵਿੱਚ ਗਿ੍ਰਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਮਨਮੋਹਨ ਸਿੰਘ ਮੋਹਣਾ ਨੂੰ ਜਨਵਰੀ ਵਿੱਚ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਨੇ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਮਨਮੋਹਨ ਸਿੰਘ ਮੋਹਾਣਾ ਦੀ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਕਥਿਤ ਫੋਟੋ ਵੀ ਸਾਹਮਣੇ ਆਈ ਹੈ। ਜਿਸ ’ਚ ਰਾਜਾ ਵੜਿੰਗ ਉਸ ਨੂੰ ਕਾਂਗਰਸ ’ਚ ਸ਼ਾਮਲ ਕਰਦੇ ਨਜ਼ਰ ਆ ਰਹੇ ਹਨ। ਪੁਲਿਸ ਅਨੁਸਾਰ ਹੁਣ ਤੱਕ ਫੜਿਆ ਗਿਆ ਮੋਹਣਾ ਮਾਨਸਾ ਜ਼ਿਲ੍ਹੇ ਦਾ ਪਹਿਲਾ ਵਸਨੀਕ ਹੈ। ਮਾਨਸਾ ਦੇ ਪਿੰਡ ਰੱਲੀ ਦੀ ਬੁਢਲਾਡਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਉਰਫ਼ ਮੋਹਣਾ ਨੂੰ ਮਾਨਸਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਉਸ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਮੋਹਣਾ ਦੇ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ। ਪਤਾ ਲੱਗਾ ਹੈ ਕਿ ਮੋਹਣਾ ਨੇ ਇਸ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਮੂਸੇਵਾਲਾ ਦੀ ਰੇਕੀ ਕੀਤੀ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੋਲਡੀ ਬਰਾੜ ਨੇ ਆਪਣੇ ਦੋ ਬੰਦੇ ਮੋਹਾਣਾ ਕੋਲ ਭੇਜੇ ਸਨ, ਜਿਨ੍ਹਾਂ ਨੇ ਉਸ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਦੌਰਾਨ ਜਨਵਰੀ ਤੇ ਫਰਵਰੀ ਮਹੀਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ। ਇਹ ਵੀ ਸ਼ੱਕ ਹੈ ਕਿ ਉਸ ਨੇ ਬੁਢਲਾਡਾ ਵਿੱਚ ਮੂਸੇਵਾਲਾ ਦੀ ਸਥਾਨਕ ਮੁਹਿੰਮ ਟੀਮ ਨਾਲ ਮਿਲ ਕੇ ਕੰਮ ਕੀਤਾ ਸੀ। ਪਰ ਉਸ ਸਮੇਂ ਮੂਸੇਵਾਲਾ ’ਤੇ ਪੰਜਾਬ ਪੁਲਿਸ ਦਾ ਭਾਰੀ ਪਹਿਰਾ ਸੀ, ਇਸ ਲਈ ਉਹ ਸ਼ਾਇਦ ਕਤਲ ਦੀ ਯੋਜਨਾ ਨੂੰ ਵਿਚਾਲੇ ਛੱਡ ਗਿਆ ਸੀ। ਮੂਸੇਵਾਲਾ ਪੰਜਾਬ ਵਿੱਚ ਸੂਬਾਈ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਉਹ ਮਾਨਸਾ ਤੋਂ ਚੋਣ ਲੜੇ ਪਰ ’ਆਪ’ ਦੇ ਵਿਜੇ ਸਿੰਗਲਾ ਤੋਂ ਹਾਰ ਗਏ।