ਖਾਲਿਸਤਾਨੀ ਪੰਨੂ ’ਤੇ ਪੰਜਾਬ ’ਚ ਐਫਆਈਆਰ, ਸੀਐਮ ਮਾਨ ਨੂੰ ਮਾਰਨ ਦੀ ਧਮਕੀ
ਚੰਡੀਗੜ੍ਹ, 21 ਜੂਨ, (ਰਾਜ ਕੁਮਾਰ ਵਰਮਾ)- ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਖਿਲਾਫ ਪੰਜਾਬ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੰਨੂ ਨੇ ਕੱਲ੍ਹ ਸੰਗਰੂਰ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਖਾਲਿਸਤਾਨੀ ਨਾਅਰੇ ਲਿਖਣ ਦੀ ਵੀਡੀਓ ਜਾਰੀ ਕੀਤੀ ਸੀ। ਕਿਹਾ ਗਿਆ ਕਿ ਜੇਕਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਖਾਲਿਸਤਾਨ ਦੇ ਏਜੰਡੇ ’ਤੇ ਨਹੀਂ ਚੱਲਦੇ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੋਇਆ ਸੀ। ਇਹ ਮਾਮਲਾ ਸੰਗਰੂਰ ਵਿੱਚ ਹੀ ਦਰਜ ਹੋਇਆ ਹੈ। ਪੰਨੂ ਨੇ ਮੰਦਰ ’ਚ ਨਾਅਰੇਬਾਜ਼ੀ ਤੋਂ ਬਾਅਦ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਇਹ ਨਾਅਰੇ ਖਾਲਿਸਤਾਨ ਪੱਖੀ ਸਿੱਖਾਂ ਨੇ ਲਿਖੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਾਲਿਸਤਾਨ ਪੱਖੀ ਸਿੱਖਾਂ ਦੇ ਸਹਿਯੋਗ ਨਾਲ ਬਣੀ ਸੀ। ਪੰਨੂ ਨੇ ਕਿਹਾ ਸੀ ਕਿ ਇਹ ਨਾਅਰੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 26 ਜਨਵਰੀ 2023 ਨੂੰ ਪੰਜਾਬ ਖਾਲਿਸਤਾਨ ਰੈਫਰੈਂਡਮ ’ਤੇ ਵੋਟ ਕਰੇਗਾ। ਪੰਨੂ ਖਿਲਾਫ ਸੰਗਰੂਰ ’ਚ ਨਫਰਤ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੰਨੂ ਖਿਲਾਫ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਮੋਹਾਲੀ ’ਚ ਦੇਸ਼ ਧ੍ਰੋਹ ਤੇ ਦੋ ਭਾਈਚਾਰਿਆਂ ਨੂੰ ਭੜਕਾਉਣ ਦਾ ਮਾਮਲਾ ਦਰਜ ਹੋ ਚੁੱਕਾ ਹੈ।