ਰਜਿ: ਨੰ: PB/JL-124/2018-20
RNI Regd No. 23/1979

ਮਹਾਰਾਸ਼ਟਰ ਸਰਕਾਰ ਉੱਪਰ ਸੰਕਟ ਦੇ ਬੱਦਲ
 
BY admin / June 21, 2022
ਮੁੰਬਈ, 21 ਜੂਨ, (ਯੂ.ਐਨ.ਆਈ.)- ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੂੰ ਪਾਰਟੀ ਨੇ ਮਹਾਰਾਸ਼ਟਰ ਵਿੱਚ ਚੀਫ਼ ਵ੍ਹਿਪ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਅਜੈ ਚੌਧਰੀ ਨੂੰ ਨਵਾਂ ਚੀਫ਼ ਵ੍ਹਿਪ ਬਣਾਇਆ ਗਿਆ ਹੈ। ਸ਼ਿੰਦੇ ਹੁਣ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਨਹੀਂ ਹਨ। ਦੱਸ ਦੇਈਏ ਕਿ ਠਾਕਰੇ ਸਰਕਾਰ ’ਚ ਮੰਤਰੀ ਸ਼ਿੰਦੇ ਨੇ ਸਖਤ ਰੁਖ ਅਖਤਿਆਰ ਕੀਤਾ ਹੈ ਅਤੇ ਪਾਰਟੀ ਦੇ 21 ਹੋਰ ਵਿਧਾਇਕਾਂ ਨਾਲ ਗੁਜਰਾਤ ਪਹੁੰਚ ਗਏ ਹਨ। ਉਹ ਸੂਰਤ ਦੇ ਮੈਰੀਡੀਅਨ ਹੋਟਲ ਵਿੱਚ ਪਾਰਟੀ ਵਿਧਾਇਕਾਂ ਨਾਲ ਠਹਿਰੇ ਹੋਏ ਹਨ। ਪਾਰਟੀ ਆਗੂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਦੇ ਇਸ ਕਦਮ ਕਾਰਨ ਊਧਵ ਸਰਕਾਰ ਮੁਸ਼ਕਿਲ ’ਚ ਘਿਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਅਸੀਂ ਬਾਲਾ ਸਾਹਿਬ ਦੇ ਮਜ਼ਬੂਤ ਸ਼ਿਵ ਸੈਨਿਕ ਹਾਂ। ਬਾਲਾ ਸਾਹਿਬ ਨੇ ਸਾਨੂੰ ਹਿੰਦੂਤਵ ਸਿਖਾਇਆ ਹੈ। ਅਸੀਂ ਬਾਲਾ ਸਾਹਿਬ ਦੇ ਵਿਚਾਰਾਂ ਅਤੇ ਧਰਮਵੀਰ ਆਨੰਦ ਦਿਘੇ ਸਾਹਿਬ ਦੀਆਂ ਸਿੱਖਿਆਵਾਂ ਨਾਲ ਕਦੇ ਵੀ ਧੋਖਾ ਨਹੀਂ ਕੀਤਾ ਹੈ ਅਤੇ ਨਾ ਹੀ ਕਦੇ ਸੱਤਾ ਲਈ ਧੋਖਾ ਦੇਵਾਂਗੇ। ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ, “ਇਹ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਊਧਵ ਠਾਕਰੇ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਹੈ।“ ਉਨ੍ਹਾਂ ਕਿਹਾ, “ਸ਼ਿਵ ਸੈਨਾ ਵਫਾਦਾਰਾਂ ਦੀ ਪਾਰਟੀ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।“ ਦੱਸ ਦੇਈਏ ਕਿ ਏਕਨਾਥ ਸ਼ਿੰਦੇ ਸ਼ਿਵ ਸੈਨਾ ਦੇ ਮਜ਼ਬੂਤ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਨੇ ਸੂਬੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਇਹ ਕਦਮ ਊਧਵ ਠਾਕਰੇ ਸਰਕਾਰ ਲਈ ਮੁਸੀਬਤਾਂ ਵਧਾ ਸਕਦਾ ਹੈ। ਮਹਾਰਾਸ਼ਟਰ ’ਚ ਸ਼ਿਵ ਸੈਨਾ ਅਤੇ ਊਧਵ ਠਾਕਰੇ ਦੀ ਸਰਕਾਰ ਨੂੰ ਵੱਡਾ ਝਟਕਾ ਲੱਗਦਾ ਜਾਪ ਰਿਹਾ ਹੈ। ਮਹਾ ਵਿਕਾਸ ਅਗਾੜੀ ਸਰਕਾਰ ਵਿੱਚ ਸ਼ਹਿਰੀ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਸਮੇਤ ਸ਼ਿਵ ਸੈਨਾ ਦੇ 11 ਵਿਧਾਇਕਾਂ ਨਾਲ ਪਾਰਟੀ ਹਾਈਕਮਾਂਡ ਸੰਪਰਕ ਨਹੀਂ ਕਰ ਪਾ ਰਹੀ ਹੈ। ਇਹ ਘਟਨਾਕ੍ਰਮ ਮਹਾਰਾਸ਼ਟਰ ਵਿਧਾਨ ਪਰਿਸ਼ਦ ਚੋਣਾਂ ਤੋਂ ਇਕ ਦਿਨ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਭਾਜਪਾ ਨੇ ਸੱਤਾਧਾਰੀ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗਠਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜ ਸੀਟਾਂ ਜਿੱਤੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ਿੰਦੇ ਅਤੇ ਹੋਰ ਵਿਧਾਇਕ ਸੂਰਤ ਦੇ ਇੱਕ 5 ਸਟਾਰ ਹੋਟਲ ਵਿੱਚ ਠਹਿਰੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਕੁਝ ਵਿਧਾਇਕ ਸੋਮਵਾਰ ਰਾਤ ਨੂੰ ਸੂਰਤ ਪਹੁੰਚ ਗਏ ਅਤੇ ਇੱਥੇ ਹੋਟਲ ਵਿੱਚ ਠਹਿਰੇ ਹੋਏ ਹਨ। ਸੂਤਰ ਨੇ ਦੱਸਿਆ,‘ਮਹਾਰਾਸ਼ਟਰ ਦੇ ਮੰਤਰੀ ਏਕਨਾਥ ਸ਼ਿੰਦੇ ਸਮੇਤ ਸ਼ਿਵ ਸੈਨਾ ਦੇ ਕੁਝ ਵਿਧਾਇਕ ਸੂਰਤ ’ਚ ਮੌਜੂਦ ਹਨ।’ ਹੋਟਲ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਭਾਜਪਾ ਨੇ ਸੋਮਵਾਰ ਨੂੰ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੀਆਂ 10 ਸੀਟਾਂ ਲਈ ਹੋਈਆਂ ਚੋਣਾਂ ਵਿੱਚ ਸਾਰੀਆਂ ਪੰਜ ਸੀਟਾਂ ਜਿੱਤੀਆਂ ਸਨ। ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੂੰ ਦੋ-ਦੋ ਸੀਟਾਂ ਮਿਲੀਆਂ, ਜਦੋਂਕਿ ਕਾਂਗਰਸ ਨੂੰ ਇੱਕ ਸੀਟ ਨਾਲ ਸਬਰ ਕਰਨਾ ਪਿਆ। ਮਹਾਰਾਸ਼ਟਰ ’ਚ ਸਿਆਸੀ ਤੂਫਾਨ ਦੇ ਵਿਚਕਾਰ, ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਸ਼ਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਅੱਜ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ ਹੈ। ਉਹ ਸੂਰਤ ਦੇ ਇੱਕ ਪੰਜ ਤਾਰਾ ਹੋਟਲ ਵਿੱਚ 21 ਬਾਗੀ ਵਿਧਾਇਕਾਂ ਨਾਲ ਡੇਰੇ ਲਾ ਰਹੇ ਹਨ। ਇਨ੍ਹਾਂ ਬਾਗੀ ਵਿਧਾਇਕਾਂ ’ਚੋਂ ਇਕ ਨਿਤਿਨ ਦੇਸ਼ਮੁਖ ਹੈ। ਖਬਰਾਂ ਮੁਤਾਬਕ ਸਵੇਰੇ ਨਿਤਿਨ ਦੇਸ਼ਮੁਖ ਦੀ ਤਬੀਅਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ ਸੀ। ਹਾਲਾਂਕਿ ਇਸ ਖ਼ਬਰ ਤੋਂ ਬਾਅਦ ਸ਼ਿਵ ਸੈਨਾ ਦੇ ਵਿਧਾਇਕ ਨਿਤਿਨ ਦੇਸ਼ਮੁਖ ਦੀ ਪਤਨੀ ਨੇ ਪੁਲਿਸ ਕੋਲ ਆਪਣੇ ਪਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਵਿਧਾਇਕ ਨਿਤਿਨ ਦੇਸ਼ਮੁਖ ਮਹਾਰਾਸ਼ਟਰ ਦੇ ਬਾਲਾਪੁਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਨ੍ਹਾਂ ਵਿਧਾਇਕਾਂ ਵਿੱਚੋਂ ਇੱਕ ਹਨ ਜੋ ਸ਼੍ਰੀ ਸ਼ਿੰਦੇ ਦੇ ਨਾਲ ਗੁਜਰਾਤ ਵਿੱਚ ਸੂਰਤ ਗਏ ਸਨ। ਦੇਸ਼ਮੁੱਖ ਦੀ ਪਤਨੀ ਪ੍ਰਾਂਜਲੀ ਨੇ ਅਕੋਲਾ ਥਾਣੇ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਕਿ ਉਸ ਨੇ 20 ਜੂਨ ਨੂੰ ਸ਼ਾਮ 7 ਵਜੇ ਆਪਣੇ ਪਤੀ ਨਾਲ ਫੋਨ ’ਤੇ ਆਖਰੀ ਵਾਰ ਗੱਲ ਕੀਤੀ ਸੀ ਅਤੇ ਉਸ ਦਾ ਫੋਨ ਬੰਦ ਹੋਣ ਕਾਰਨ ਉਹ ਉਸ ਨਾਲ ਗੱਲ ਕਰਨ ਤੋਂ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਦੇਸ਼ਮੁਖ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।  ਦੂਜੇ ਪਾਸੇ ਏਕਨਾਥ ਸ਼ਿੰਦੇ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ। ਊਧਵ ਠਾਕਰੇ ਦੇ ਕਰੀਬੀ ਮਿਲਿੰਦ ਨਾਰਵੇਕਰ ਅਤੇ ਵਿਧਾਇਕ ਰਵੀ ਫਾਟਕ ਏਕਨਾਥ ਨਾਲ ਗੱਲਬਾਤ ਕਰਨ ਲਈ ਸੂਰਤ ਲਈ ਰਵਾਨਾ ਹੋ ਗਏ ਹਨ। ਮਹਾਰਾਸ਼ਟਰ ’ਚ ਸਿਆਸੀ ਉਥਲ-ਪੁਥਲ ਦਰਮਿਆਨ ਸ਼ਿਵ ਸੈਨਾ ਦੇ ਸੰਜੇ ਰਾਉਤ ਨੇ ਕਿਹਾ ਕਿ ਏਕਨਾਥ ਸ਼ਿੰਦੇ ਦੀ ਵਰਤੋਂ ਕਰਕੇ ਸੂਬਾ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਸ਼ਿੰਦੇ ਪਾਰਟੀ ਦੇ ਵਫ਼ਾਦਾਰ ਵਰਕਰ ਹਨ ਜਿਨ੍ਹਾਂ ਨੇ ਸਾਡੇ ਨਾਲ ਕਈ ਵਾਰ ਅੰਦੋਲਨ ਵਿਚ ਹਿੱਸਾ ਲਿਆ ਹੈ। ਉਹ ਬਾਲਾ ਸਾਹਿਬ ਦਾ ਸਿਪਾਹੀ ਹੈ।” ਉਸ ਨੇ ਅੱਗੇ ਦਾਅਵਾ ਕੀਤਾ ਕਿ ਸ਼ਿੰਦੇ ਨਾਲ ਸੰਪਰਕ ਸੀ। ਮਹਾਰਾਸ਼ਟਰ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਅਸੀਂ ਸਾਰੇ ਵਿਧਾਇਕਾਂ ਨਾਲ ਗੱਲ ਕੀਤੀ ਹੈ। ਦੇਖਦੇ ਹਾਂ ਅੱਗੇ ਕੀ ਹੋਵੇਗਾ। ਅੱਜ ਦੇ ਹਾਲਾਤ ਬਾਰੇ ਗੱਲ ਕਰਨੀ ਠੀਕ ਨਹੀਂ ਹੈ। ਸਥਿਤੀ ’ਤੇ ਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ। ਇਹ ਨਹੀਂ ਕਿਹਾ ਜਾ ਸਕਦਾ ਕਿ ਅਗਾੜੀ ਸਰਕਾਰ ਖਤਰੇ ਵਿੱਚ ਹੈ। ਸ਼ਰਦ ਪਵਾਰ ਸਾਹਿਬ ਨਾਲ ਫਿਲਹਾਲ ਕੋਈ ਗੱਲ ਨਹੀਂ ਹੋਈ ਹੈ। ਸੋਮਵਾਰ ਨੂੰ ਕਰਾਸ ਵੋਟਿੰਗ ਹੋਈ, ਪਰ ਸਾਡੇ ਵਿਧਾਇਕਾਂ ਨਾਲ ਗੱਲਬਾਤ ਜਾਰੀ ਹੈ। 22 ਵਿਧਾਇਕਾਂ ਦੇ ਬਾਗੀ ਰਵੱਈਏ ਕਾਰਨ ਸੱਤਾਧਾਰੀ ਗਠਜੋੜ ਸਰਕਾਰ ’ਤੇ ਮੰਡਰਾ ਰਹੇ ਸੰਕਟ ਦੇ ਬੱਦਲਾਂ ਦਰਮਿਆਨ ਐੱਨਸੀਪੀ ਨੇਤਾ ਸ਼ਰਦ ਪਵਾਰ ਨੇ ਕਿਹਾ ਹੈ, ’ਅਸੀਂ ਸਥਿਤੀ ’ਚੋਂ ਨਿਕਲਣ ਦਾ ਰਸਤਾ ਲੱਭ ਲਵਾਂਗੇਦਿੱਗਜ ਨੇਤਾ ਪਵਾਰ ਨੇ ਕਿਹਾ ਕਿ ਉਹ ਅੱਜ ਰਾਤ ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਕਰ ਸਕਦੇ ਹਨ। ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਮੈਨੂੰ ਯਕੀਨ ਹੈ ਕਿ ਠਾਕਰੇ ਇਸ ਮਾਮਲੇ ਨੂੰ ਸੁਲਝਾ ਲੈਣਗੇ।“ ਉਨ੍ਹਾਂ ਕਿਹਾ ਕਿ ਇਹ ਸ਼ਿਵ ਸੈਨਾ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਦਾ ਗਠਜੋੜ ਦੇ ਭਾਈਵਾਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮੰਤਰੀ ਅਤੇ ਪਾਰਟੀ ਨੇਤਾ ਏਕਨਾਥ ਖੜਸੇ ਅਤੇ 21 ਹੋਰ ਵਿਧਾਇਕਾਂ ਦੇ ਬਾਗੀ ਰਵੱਈਏ ਕਾਰਨ ਮਹਾਰਾਸ਼ਟਰ ਸਰਕਾਰ ਇਸ ਸਮੇਂ ਮੁਸੀਬਤ ਵਿੱਚ ਫਸੀ ਹੋਈ ਹੈ। ਇਹ ਵਿਧਾਇਕ ਕਥਿਤ ਤੌਰ ’ਤੇ ਬੀਜੇਪੀ ਸ਼ਾਸਿਤ ਗੁਜਰਾਤ ਦੇ ਸੂਰਤ ਦੇ ਇੱਕ ਹੋਟਲ ਵਿੱਚ ਹਨ।ਐਨਸੀਪੀ ਮੁਖੀ ਸ਼ਰਦ ਪਵਾਰਨੇ ਦਾਅਵਾ ਕੀਤਾ ਹੈ ਕਿ ’’ਮਹਾਰਾਸ਼ਟਰ ਸਰਕਾਰ ’ਚੰਗੀ ਤਰ੍ਹਾਂ ਨਾਲ ਚੱਲ ਰਹੀ ਹੈ।’’ ਉਨ੍ਹਾਂ ਕਿਹਾ, ’’ਜੋ ਹੋਇਆ ਹੈ ਉਹ ਢਾਈ ਸਾਲਾਂ ’ਚ ਤੀਜੀ ਘਟਨਾ ਹੈ। ਪਹਿਲਾਂ ਸਾਡੇ ਵਿਧਾਇਕਾਂ ਨੂੰ ਬੁਲਾ ਕੇ ਹਰਿਆਣਾ ਵਿੱਚ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਅਸੀਂ ਸਰਕਾਰ ਬਣਾਈ ਅਤੇ ਸਰਕਾਰ ਸਹੀ ਢੰਗ ਨਾਲ ਚੱਲ ਰਹੀ ਹੈ। ਏਕਨਾਥ ਸ਼ਿੰਦੇ ’ਤੇ ਉਨ੍ਹਾਂ ਕਿਹਾ, “ਤਿੰਨਾਂ ਪਾਰਟੀਆਂ ’ਚ ਮੁੱਖ ਜ਼ਿੰਮੇਵਾਰੀ ਸ਼ਿਵ ਸੈਨਾ ਦੀ ਹੈ। ਉੱਥੇ ਕਿਸੇ ਨੂੰ ਮੌਕਾ ਦੇਣਾ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ।“ ਊਧਵ ਠਾਕਰੇ ਦੀ ਅਗਵਾਈ ’ਚ ਕਿਸੇ ਬਦਲਾਅ ਦੀ ਲੋੜ ਨਹੀਂ ਹੈ। ਪਵਾਰ ਨੇ ਕਿਹਾ ਕਿ ਸਾਡਾ ਇੱਕ ਵੀ ਉਮੀਦਵਾਰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਚੋਣਾਂ ਨਹੀਂ ਜਿੱਤ ਸਕਿਆ, ਪਰ ਵਾਪਸ ਜਾ ਕੇ ਜ਼ਰੂਰ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਰਾਸ ਵੋਟਿੰਗ ਹੁੰਦੀ ਰਹੀ ਹੈ। ਪਵਾਰ ਨੇ ਕਿਹਾ ਕਿ ਊਧਵ ਠਾਕਰੇ ਨੇ ਦੁਪਹਿਰ ਨੂੰ ਆਪਣੀ ਪਾਰਟੀ ਦੀ ਬੈਠਕ ਬੁਲਾਈ ਹੈ। ਇਹ ਸ਼ਿਵ ਸੈਨਾ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਾਮ ਨੂੰ ਮਹਾਰਾਸ਼ਟਰ ਜਾਣਗੇ। ਇਸ ਦੇ ਨਾਲ ਹੀ ਐੱਨਸੀਪੀ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਕਿਸੇ ਵਿਧਾਇਕ ਨਾਲ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ, “ਸ਼ਿਵ ਸੈਨਾ, ਕਾਂਗਰਸ ਅਤੇ ਅਸੀਂ ਇਕੱਠੇ ਹਾਂ। ਅਸੀਂ ਉਦੋਂ ਤੱਕ ਕਦਮ ਨਹੀਂ ਚੁੱਕਾਂਗੇ ਜਦੋਂ ਤੱਕ ਸ਼ਿਵ ਸੈਨਾ ਇਹ ਨਹੀਂ ਦੱਸਦੀ ਕਿ ਸਮੱਸਿਆ ਕੀ ਹੈ। ਅਸੀਂ ਸ਼ਾਮ ਨੂੰ ਸ਼ਿਵ ਸੈਨਾ ਨੂੰ ਮਿਲਾਂਗੇ, ਫਿਰ ਪਤਾ ਲੱਗੇਗਾ ਕਿ ਸਮੱਸਿਆ ਕੀ ਹੈ?“