ਰਜਿ: ਨੰ: PB/JL-124/2018-20
RNI Regd No. 23/1979

ਅਫਗਾਨਿਸਤਾਨ ਵਿਚ ਭੂਚਾਲ ਨੇ ਮਚਾਈ ਤਬਾਹੀ, 1000 ਲੋਕਾਂ ਦੀ ਮੌਤ, 1050 ਜ਼ਖ਼ਮੀ, ਦਰਜਨਾਂ ਘਰ ਤਬਾਹ
 
BY admin / June 22, 2022
ਕਾਬੁਲ, 22 ਜੂਨ, (ਯੂ.ਐਨ.ਆਈ.)- ਅਫਗਾਨਿਸਤਾਨ ’ਚ ਅੱਜ ਸਵੇਰੇ ਆਏ ਭੂਚਾਲ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 6.1 ਤੀਬਰਤਾ ਦੇ ਇਸ ਭੂਚਾਲ ਕਾਰਨ ਘੱਟੋ-ਘੱਟ 1000 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 1050 ਲੋਕ ਜ਼ਖਮੀ ਹੋਏ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਖੋਸਤ ਸ਼ਹਿਰ ਤੋਂ 40 ਕਿਲੋਮੀਟਰ ਦੂਰ ਸੀ। ਦੂਜੇ ਪਾਸੇ ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ ਨੇ ਕਿਹਾ ਕਿ ਇਸ ਭੂਚਾਲ ਦਾ ਪ੍ਰਭਾਵ 500 ਕਿਲੋਮੀਟਰ ਦੇ ਘੇਰੇ ਵਿੱਚ ਸੀ। ਇਸ ਕਾਰਨ ਅਫਗਾਨਿਸਤਾਨ, ਪਾਕਿਸਤਾਨ ਤੇ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਰਕਾਰ ਦੇ ਬੁਲਾਰੇ ਬਿਲਾਲ ਕਰੀਮੀ ਨੇ ਟਵੀਟ ਕੀਤਾ, “ਬਦਕਿਸਮਤੀ ਨਾਲ, ਬੀਤੀ ਰਾਤ ਪਕਤਿਕਾ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਵਿੱਚ ਸਾਡੇ ਸੈਂਕੜੇ ਦੇਸ਼ ਵਾਸੀ ਮਾਰੇ ਗਏ ਅਤੇ ਜ਼ਖਮੀ ਹੋਏ ਅਤੇ ਦਰਜਨਾਂ ਘਰ ਤਬਾਹ ਹੋ ਗਏ। ਅਸੀਂ ਸਾਰੀਆਂ ਐਮਰਜੈਂਸੀ ਏਜੰਸੀਆਂ ਨੂੰ ਇਸ ਖੇਤਰ ਵਿੱਚ ਟੀਮਾਂ ਭੇਜਣ ਦੀ ਅਪੀਲ ਕਰਦੇ ਹਾਂ ਤਾਂ ਜੋ ਹੋਰ ਤਬਾਹੀ ਨੂੰ ਰੋਕਿਆ ਜਾ ਸਕੇ।“ ਇਸ ਤੋਂ ਪਿਹਲਾਂ ਸਵੇਰੇ ਅਫਗਾਨਿਸਤਾਨ ਦੀ ਸਰਕਾਰੀ ਸਮਾਚਾਰ ਏਜੰਸੀ ਦੇ ਰਿਪੋਰਟਰ ਅਬਦੁਲ ਵਾਹਿਦ ਰਿਆਨ ਨੇ ਟਵੀਟ ਕੀਤਾ ਸੀ ਕਿ ਪਕਤਿਕਾ ਸੂਬੇ ਦੇ ਬਰਮਲ, ਜ਼ੀਰੂਕ, ਨਾਕਾ ਅਤੇ ਗਿਆਨ ਜ਼ਿਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ 255 ਤੱਕ ਪਹੁੰਚ ਗਈ ਹੈ, ਜਦਕਿ 155 ਲੋਕ ਜ਼ਖਮੀ ਹੋਏ ਹਨ। ਮਲਬੇ ’ਚੋਂ ਲੋਕਾਂ ਨੂੰ ਕੱਢਣ ਲਈ ਸੁਰੱਖਿਆ ਬਲਾਂ ਦੇ ਹੈਲੀਕਾਪਟਰ ਇਲਾਕੇ ’ਚ ਪਹੁੰਚ ਗਏ ਹਨ।