ਰਜਿ: ਨੰ: PB/JL-124/2018-20
RNI Regd No. 23/1979

ਮਹਾਂਰਾਸ਼ਟਰ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ?
 
BY admin / June 22, 2022
ਮੁੰਬਈ, 22 ਜੂਨ, (ਯੂ.ਐਨ.ਆਈ.)- ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਸਰਕਾਰ ਨੂੰ ਲੈ ਕੇ ਸਸਪੈਂਸ ਜਾਰੀ ਹੈ। ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਦਾਅਵਾ ਕੀਤਾ ਹੈ ਕਿ 40 ਵਿਧਾਇਕ ਉਨ੍ਹਾਂ ਦੇ ਨਾਲ ਹਨ। ਇਸ ਦੌਰਾਨ ਠਾਕਰੇ ਨੇ ਅੱਜ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਹੈ। ਸ਼ਿਵ ਸੈਨਾ ਦੇ ਇਕ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਸੋਮਵਾਰ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੂੰ ਭਾਰਤੀ ਜਨਤਾ ਪਾਰਟੀ ਨਾਲ ਦੁਬਾਰਾ ਗਠਜੋੜ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਗੁਜਰਾਤ ਦੇ ਸੂਰਤ ਦੇ ਇੱਕ ਹੋਟਲ ਵਿੱਚ ਰੱਖੇ ਗਏ ਵਿਧਾਇਕਾਂ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਅਸਮ ਭੇਜਿਆ ਗਿਆ ਹੈ। ਦੱਸ ਦੇਈਏ ਕਿ ਅਸਾਮ ਵਿੱਚ ਬੀਜੇਪੀ ਦੀ ਸਰਕਾਰ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਨੇ ਭਾਜਪਾ ਸ਼ਾਸਿਤ ਗੁਜਰਾਤ ਵਿੱਚ ਕੁੱਝ ਵਿਧਾਇਕਾਂ ਨੂੰ ਪਾਰਟੀ ਦੇ ਖਿਲਾਫ ਬਗਾਵਤ ਕਰਕੇ ਰੱਖਿਆ ਸੀ। ਇਸ ਦੌਰਾਨ ਸ਼ਿੰਦੇ, ਜਿਨ੍ਹਾਂ ਕੋਲ ਸ਼ਹਿਰੀ ਵਿਕਾਸ ਤੇ ਲੋਕ ਨਿਰਮਾਣ ਮਹਿਕਮਾ ਸੀ, ਨੂੰ ਮਹਾਰਾਸ਼ਟਰ ਅਸੈਂਬਲੀ ਵਿੱਚ ਸ਼ਿਵ ਸੈਨਾ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰਕੇ ਮੁੱਖ ਮੰਤਰੀ ਨੇ ਬਾਗ਼ੀ ਵਿਧਾਇਕਾਂ ਤੱਕ ਪਹੁੰਚ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਸ਼ਿੰਦੇ ਦੀ ਥਾਂ ਅਜੈ ਚੌਧਰੀ ਨੂੰ ਲਾਇਆ ਗਿਆ ਹੈ, ਜੋ ਮੁੰਬਈ ਦੇ ਸਿਊਰੀ ਹਲਕੇ ਦੀ ਨੁਮਾਇੰਦਗੀ ਕਰਦੇ ਹਨ। 288 ਮੈਂਬਰੀ ਮਹਾਰਾਸ਼ਟਰ ਅਸੈਂਬਲੀ ਵਿੱਚ ਸ਼ਿਵ ਸੈਨਾ ਦੇ 55 , ਐੱਨਸੀਪੀ 53, ਕਾਂਗਰਸ 44, ਬਹੁਜਨ ਵਿਕਾਸ ਅਗਾੜੀ 3, ਸਮਾਜਵਾਦੀ ਪਾਰਟੀ, ਏਆਈਐੱਮਆਈਐੱਮ ਤੇ ਪ੍ਰਹਾਰ ਜਨਸ਼ਕਤੀ ਪਾਰਟੀ ਦੇ 2-2 ਵਿਧਾਇਕ ਹਨ। ਐੱਮਐੱਨਐੱਸ, ਸੀਪੀਆਈ-ਐੱਮ, ਪੀਡਬਲਿਊਪੀ, ਸਵਾਭੀਮਾਨ ਪਕਸ਼ਾ, ਰਾਸ਼ਟਰੀ ਸਮਾਜ ਪਾਰਟੀ, ਜਨਸੁਰਾਜਿਆ ਸ਼ਕਤੀ ਪਾਰਈ ਤੇ ਕ੍ਰਾਂਤੀਕਾਰੀ ਸ਼ੇਤਕਾਰੀ ਪਕਸ਼ਾ ਦਾ ਇਕ ਇਕ ਵਿਧਾਇਕ ਹੈ। ਇਨ੍ਹਾਂ ਤੋਂ ਇਲਾਵਾ 13 ਆਜ਼ਾਦ ਵਿਧਾਇਕ ਹਨ। ਵਿਰੋਧੀ ਧਿਰ ਭਾਜਪਾ ਕੋਲ 106 ਵਿਧਾਇਕ ਹਨ। ਉਧਰ, ਐੱਨਸੀਪੀ ਤੇ ਕਾਂਗਰਸ ਅਤੇ ਐੱਮਵੀਏ ਗੱਠਜੋੜ ਵਿੱਚ ਸ਼ਾਮਲ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਸਥਿਰਤਾ ਨੂੰ ਕੋਈ ਖ਼ਤਰਾ ਨਹੀਂ ਹੈ। ਸ਼ਿੰਦੇ ਤੇ ਕੁਝ ਹੋਰਨਾਂ ਵਿਧਾਇਕਾਂ ਦੇ ਅਚਾਨਕ ਗਾਇਬ ਹੋਣ ਮਗਰੋਂ ਮੁੱਖ ਮੰਤਰੀ ਊਧਵ ਠਾਕਰੇ ਨੇ ਪਾਰਟੀ ਵਿਧਾਇਕਾਂ ਤੇ ਆਗੂਆਂ ਦੀ ਆਪਣੀ ਸਰਕਾਰੀ ਰਿਹਾਇਸ਼ ‘ਵਰਸ਼ਾ’ ’ਤੇ ਮੀਟਿੰਗ ਸੱਦ ਕੇ ਵਿਚਾਰ ਚਰਚਾ ਕੀਤੀ। ਸ਼ਿੰਦੇ ਨਾਲ ਕਿੰਨੇ ਵਿਧਾਇਕ ਹਨ, ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ। ਸੀਨੀਅਰ ਐੱਨਸੀਪੀ ਆਗੂ ਤੇ ਸਰਕਾਰ ’ਚ ਮੰਤਰੀ ਛਗਣ ਭੁਜਬਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਾਰਟੀ ਵਿਧਾਇਕ ਜਿਉਂ ਦੇ ਤਿਉਂ ਹਨ। ਭੁਜਬਲ ਤੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਗੱਠਜੋੜ ਸਰਕਾਰ ਨੂੰ ਕਿਸੇ ਖ਼ਤਰੇ ਤੋਂ ਇਨਕਾਰ ਕੀਤਾ ਹੈ। ਕਾਂਗਰਸੀ ਮੰਤਰੀ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ਿਵ ਸੈਨਾ ਵਿੱਚ ਚੱਲ ਰਹੇ ਸਾਰੇ ਘਟਨਾਕ੍ਰਮ ਨੂੰ ਨੇੜਿਓਂ ਵੇਖ ਰਹੀ ਹੈ ਤੇ ਉਨ੍ਹਾਂ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ। ਮਹਾਰਾਸ਼ਟਰ  ਵਿੱਚ ਸਿਆਸੀ ਸੰਕਟ ਦੇ ਵਿਚਕਾਰ ਸ਼ਿਵ ਸੈਨਾ ਦੇ ਵਿਧਾਇਕ ਨਿਤਿਨ ਦੇਸ਼ਮੁਖ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਊਧਵ ਠਾਕਰੇ ਦੇ ਨਾਲ ਹਨ। ਵਿਧਾਇਕ ਨਿਤਿਨ ਦੇਸ਼ਮੁਖ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ “ਅਗਵਾ“ ਕਰਕੇ ਗੁਜਰਾਤ ਦੇ ਸੂਰਤ ਲਿਜਾਇਆ ਗਿਆ ਸੀ। ਜਿੱਥੋਂ ਉਹ ਭੱਜ ਗਏ ਹਨ। ਦੱਸ ਦੇਈਏ ਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਉਹ ਸ਼ਿਵ ਸੈਨਾ ਦੇ ਬਾਗੀ ਨੇਤਾਵਾਂ ਵਿੱਚੋਂ ਇੱਕ ਹੈ। ਹਾਲਾਂਕਿ ਹੁਣ ਨਿਤਿਨ ਦੇਸ਼ਮੁਖ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਊਧਵ ਠਾਕਰੇ ਦੇ ਨਾਲ ਹਨ। ਨਿਤਿਨ ਦੇਸ਼ਮੁੱਖ ਨੇ ਕਿਹਾ ਕਿ “ਮੈਂ ਭੱਜਿਆ ਅਤੇ ਸਵੇਰੇ 3 ਵਜੇ ਦੇ ਕਰੀਬ ਸੜਕ ’ਤੇ ਖੜ੍ਹਾ ਸੀ। ਮੈਂ ਲਿਫਟ ਮੰਗਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਸੌ ਤੋਂ ਵੱਧ ਪੁਲਿਸ ਵਾਲੇ ਆਏ ਅਤੇ ਮੈਨੂੰ ਹਸਪਤਾਲ ਲੈ ਗਏ। ਉਨ੍ਹਾਂ ਨੇ ਬਹਾਨਾ ਲਾਇਆ ਕਿ ਮੇਰਾ ਦਿਲ ਹੈ। ਅਤੇ ਮੇਰੇ ਸਰੀਰ ਨਾਲ ਕੋਈ ਪ੍ਰਕਿਰਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਅਜਿਹੀ ਕੋਈ ਬਿਮਾਰੀ ਨਹੀਂ ਹੈ।ਦੇਸ਼ਮੁਖ ਦੀ ਪਤਨੀ ਨੇ ਕੱਲ੍ਹ ਸਥਾਨਕ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਿਹਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਮਹਾਰਾਸ਼ਟਰ ’ਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਸ਼ਾਮ 5 ਵਜੇ ਊਧਵ ਠਾਕਰੇ ਦੀ ਰਿਹਾਇਸ਼ ’ਤੇ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਕਮਲਨਾਥ ਨੇ ਕਿਹਾ ਕਿ ਊਧਵ ਠਾਕਰੇ ਨਾਲ ਫੋਨ ’ਤੇ ਗੱਲ ਹੋਈ ਹੈ। ਉਨ੍ਹਾਂ ਨੂੰ ਭਰੋਸਾ ਹੈ। ਜੋ ਚਲੇ ਗਏ ਹਨ ਉਹ ਵਾਪਿਸ ਆਉਣਗੇ। ਫਿਲਹਾਲ ਵਿਧਾਨ ਸਭਾ ਭੰਗ ਕਰਨ ਦੀ ਕੋਈ ਗੱਲ ਨਹੀਂ ਹੈ। ਊਧਵ ਠਾਕਰੇ ਨੂੰ ਮਿਲਣਾ ਸੀ, ਪਰ ਉਹ ਕੋਵਿਡ ਪਾਜ਼ੇਟਿਵ ਹਨ। ਗੌਰਤਲਬ ਹੈ ਕਿ ਏਕਨਾਥ ਸ਼ਿੰਦੇ ਬੁੱਧਵਾਰ ਸਵੇਰੇ 6.20 ਵਜੇ ਆਪਣੇ ਸਮਰਥਕ ਵਿਧਾਇਕਾਂ ਨਾਲ ਵਿਸ਼ੇਸ਼ ਉਡਾਣ ਰਾਹੀਂ ਸੂਰਤ ਤੋਂ ਗੁਹਾਟੀ ਪਹੁੰਚੇ। ਹਾਲਾਂਕਿ, ਸ਼ਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 6 ਆਜ਼ਾਦ ਸਮੇਤ ਕੁੱਲ 46 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਪਰ ਇਸ ਤੋਂ ਪਹਿਲਾਂ ਸੂਰਤ ਦੇ ਹੋਟਲ ਵਿੱਚ ਜੋ ਗਰੁੱਪ ਤਸਵੀਰ ਆਈ ਹੈ, ਉਸ ਵਿੱਚ ਕੁੱਲ 35 ਵਿਧਾਇਕ ਨਜ਼ਰ ਆ ਰਹੇ ਹਨ।  ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਦੇ ਫਲਾਈਟ ਫੜ ਕੇ ਸੂਰਤ ਪੁੱਜਣ ਤੋਂ ਬਾਅਦ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਆਪਣੀ ਹੀ ਸਰਕਾਰ ਦੇ ਮੰਤਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਗ੍ਰਹਿ ਮੰਤਰੀ ਨੂੰ ਕਿਵੇਂ ਪਤਾ ਨਹੀਂ ਲੱਗਾ ਕਿ ਸ਼ਿਵ ਸੈਨਾ ਦੇ 22 ਵਿਧਾਇਕ ਫਲਾਈਟ ਲੈ ਕੇ ਮੁੰਬਈ ਤੋਂ ਸੂਰਤ ਜਾ ਰਹੇ ਹਨ। ਇਸ ਪੂਰੇ ਘਟਨਾਕ੍ਰਮ ’ਤੇ ਸ਼ਰਦ ਪਵਾਰ ਨੇ ਸ਼ਿਵ ਸੈਨਾ-ਕਾਂਗਰਸ-ਐੱਨਸੀਪੀ ਸਰਕਾਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ’ਤੇ ਸਵਾਲ ਖੜ੍ਹੇ ਕੀਤੇ ਹਨ। ਪਵਾਰ ਨੇ ਕਿਹਾ ਕਿ ਇਸ ਤੋਂ ਬਾਅਦ ਇਨ੍ਹਾਂ ਸਾਰੇ ਵਿਧਾਇਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੁੰਬਈ ਪੁਲਸ ਦੀ ਸੀ। ਜੋ ਸਿੱਧੇ ਰਾਜ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੂੰ ਰਿਪੋਰਟ ਕਰਦਾ ਹੈ। ਅਜਿਹੇ ’ਚ ਇਹ ਸਾਰੇ ਵਿਧਾਇਕ ਹਵਾਈ ਅੱਡੇ ’ਤੇ ਜਾਂਦੇ ਹਨ ਅਤੇ ਉੱਥੋਂ ਫਲਾਈਟ ਲੈਂਦੇ ਹਨ ਪਰ ਨਾ ਤਾਂ ਮੁੰਬਈ ਨੂੰ ਅਤੇ ਨਾ ਹੀ ਗ੍ਰਹਿ ਮੰਤਰੀ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਕਿਵੇਂ ਸੰਭਵ ਹੈ?. ਇਸ ਘਟਨਾ ਨੂੰ ਲੈ ਕੇ ਸ਼ਰਦ ਪਵਾਰ ਨੇ ਬੁੱਧਵਾਰ ਸਵੇਰੇ ਦਿਲੀਪ ਵਾਲਸੇ ਪਾਟਿਲ ਅਤੇ ਜਯੰਤ ਪਾਟਿਲ ਨਾਲ ਵੀ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਇਸ ਬੈਠਕ ’ਚ ਸ਼ਰਦ ਪਵਾਰ ਨੇ ਏਕਨਾਥ ਸ਼ਿੰਦੇ ਦੇ ਦੇਰ ਰਾਤ ਦੀ ਫਲਾਈਟ ਲੈਣ ਅਤੇ ਇਸ ਦੀ ਕਿਸੇ ਨੂੰ ਜਾਣਕਾਰੀ ਨਾ ਦਿੱਤੇ ਜਾਣ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸ਼ਰਦ ਪਵਾਰ ਨੇ ਸ਼ਿੰਦੇ ਦੀ ਬਗਾਵਤ ਨੂੰ ਸ਼ਿਵ ਸੈਨਾ ਅੰਦਰਲੀ ਲੜਾਈ ਦਾ ਨਤੀਜਾ ਕਿਹਾ ਸੀ।