ਰਜਿ: ਨੰ: PB/JL-124/2018-20
RNI Regd No. 23/1979

ਅਯੁੱਧਿਆ ’ਚ ਮਿਲੇ 12 ਹੈਂਡ ਗ੍ਰਨੇਡਾਂ ਨੇ ਮਚਾਈ ਹਲਚਲ, ਕਿਆਸ ਅਰਾਈਆਂ ਜਾਰੀ
 
BY admin / June 27, 2022
ਅਯੁਧਿਆ, 27 ਜੂਨ, (ਯੂ.ਐਨ.ਆਈ.)- ਯੂਪੀ ਦੇ ਅਯੁੱਧਿਆ ਵਿੱਚ ਮਿਲੇ 12 ਹੈਂਡ ਗ੍ਰਨੇਡਾਂ ਨੇ ਹਲਚਲ ਮਚਾ ਦਿੱਤੀ ਹੈ। ਇਹ ਹੈਂਡ ਗ੍ਰੇਨੇਡ ਫੌਜ ਦੇ ਸਿਖਲਾਈ ਕੇਂਦਰ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਕੈਂਟ ਇਲਾਕੇ ਵਿੱਚ ਮਿਲੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਹੈਂਡ ਗ੍ਰੇਨੇਡਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਧਿਆਨ ਯੋਗ ਹੈ ਕਿ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਸੁਰੱਖਿਆ ਬਲ ਪੂਰੀ ਤਰ੍ਹਾਂ ਤਿਆਰ ਹਨ, ਅਜਿਹੇ ’ਚ ਝਾੜੀਆਂ ’ਚੋਂ ਮਿਲਿਆ ਹੈਂਡ ਗ੍ਰੇਨੇਡ ਕਈ ਅਟਕਲਾਂ ਨੂੰ ਜਨਮ ਦੇ ਰਿਹਾ ਹੈ। ਹਾਲਾਂਕਿ, ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਹੈਂਡ ਗ੍ਰੇਨੇਡ ਕਿੱਥੋਂ ਆਏ ਅਤੇ ਕੌਣ ਲਿਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਂਡ ਗ੍ਰੇਨੇਡ ਸ਼ਨੀਵਾਰ ਨੂੰ ਕੰਟੋਨਮੈਂਟ ਬੋਰਡ ਦੇ ਨਿਰਮਲੀ ਕੁੰਡੀ ਚੌਰਾਹੇ ਕੋਲ ਪਏ ਸਨ। ਇਹ ਇਲਾਕਾ ਫ਼ੌਜ ਦੀ ਨਿਗਰਾਨੀ ਹੇਠ ਰਹਿੰਦਾ ਹੈ ਅਤੇ ਰਾਤ 10 ਵਜੇ ਤੋਂ ਬਾਅਦ ਇੱਥੇ ਆਉਣਾ ਮਨ੍ਹਾ ਹੈ। ਅਜਿਹੇ ’ਚ ਇਸ ਇਲਾਕੇ ’ਚ ਹੱਥਗੋਲਿਆਂ ਦਾ ਮਿਲਣਾ ਕਾਫੀ ਹੈਰਾਨ ਕਰਨ ਵਾਲਾ ਹੈ। ਮਿਲਟਰੀ ਇੰਟੈਲੀਜੈਂਸ ਦਾ ਕਹਿਣਾ ਹੈ ਕਿ ਇਹ ਹੈਂਡ ਗ੍ਰੇਨੇਡ ਐਤਵਾਰ ਦੁਪਹਿਰ 2 ਵਜੇ ਨਸ਼ਟ ਕੀਤੇ ਗਏ ਅਤੇ ਇਸ ਬਾਰੇ ਅਯੁੱਧਿਆ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਅਯੁੱਧਿਆ ਦੇ ਐਸਐਸਪੀ ਸ਼ੈਲੇਸ਼ ਪਾਂਡੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਹੈਂਡ ਗ੍ਰਨੇਡ ਮਿਲਣ ਦੀ ਸੂਚਨਾ ਡੋਗਰਾ ਰੈਜੀਮੈਂਟਲ ਸੈਂਟਰ ਵੱਲੋਂ ਕੈਂਟ ਥਾਣੇ ਵਿੱਚ ਪੱਤਰ ਰਾਹੀਂ ਦਿੱਤੀ ਗਈ ਹੈ। ਹੈਂਡ ਗ੍ਰੇਨੇਡ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਫੌਜ ਦੇ ਪੀਆਰਓ ਸ਼ਾਂਤਨੂ ਪ੍ਰਤਾਪ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲਾਂ ਆਮ ਹਨ ਕਿਉਂਕਿ ਕਈ ਵਾਰ ਟ੍ਰੇਨਿੰਗ ਦੌਰਾਨ ਕੁਝ ਹੱਥਗੋਲੇ ਨਹੀਂ ਫਟਦੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਹਾਲਾਂਕਿ ਤਮਾਮ ਸਪੱਸ਼ਟੀਕਰਨ ਦੇ ਬਾਵਜੂਦ ਹੈਂਡ ਗ੍ਰੇਨੇਡ ਕਾਂਡ ਨੂੰ ਲੈ ਕੇ ਲੋਕਾਂ ’ਚ ਚਰਚਾ ਚੱਲ ਰਹੀ ਹੈ ਅਤੇ ਲੋਕ ਇਸ ’ਚ ਅੱਤਵਾਦੀ ਕੋਣ ਦੀ ਗੱਲ ਵੀ ਕਰ ਰਹੇ ਹਨ।