ਰਜਿ: ਨੰ: PB/JL-124/2018-20
RNI Regd No. 23/1979

ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਘਿਰਾਓ ਕਰਕੇ ਕਿਸਾਨਾਂ ਨੇ ਦਿੱਲੀ ਵਿਖੇ ਕਿਸਾਨ ਆਗੂਆਂ ਦੇ ਹੋਏ ਅਪਮਾਨ ਦੀ ਮੋੜੀ ਭਾਜੀ-ਸਾਂਪਲਾ ਗੋ-ਬੈਕ ਦੇ ਲਾਏ ਨਾਅਰੇ

BY admin / May 03, 2021

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 15 ਅਕਤੂਬਰ (ਸੁਰਿੰਦਰ ਸਿੰਘ ਚੱਠਾ)-ਮੌਜੂਦਾ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਵਿੱਢਿਆ ਸੰਘਰਸ਼ ਦਿਨੋ ਦਿਨ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ। ਕਿਸਾਨਾਂ ਦੇ ਰੋਹ ਦੇ ਨਿਸ਼ਾਨੇ ਤੇ ਸਮੁੱਚੀ ਭਾਜਪਾ ਆਈ ਹੋਈ ਹੈ। ਪੰਜਾਬ ਭਰ ਵਿੱਚ ਭਾਜਪਾ ਆਗੂਆਂ ਦਾ ਕਿਸਾਨਾਂ ਵੱਲੋਂ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦੇ ਘਰ ਘੇਰੇ ਜਾ ਰਹੇ ਹਨ। ਇਸੇ ਲੜੀ ਅਧੀਨ ਅੱਜ ਜਿਲ•ਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਂਬੱਧਰ ਵਿਖੇ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੂੰ ਕਿਸਾਨਾਂ ਵੱਲੋਂ ਸੜਕ ਤੇ ਧਰਨਾ ਲਾ ਕੇ ਰੋਕਿਆ ਗਿਆ ਅਤੇ ਵਿਜੈ ਸਾਂਪਲਾ ਗੋ-ਬੈਕ ਅਤੇ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਤੋਂ ਇਲਾਵਾ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਕਿਸਾਨਾਂ ਦੇ ਵੱਡੇ ਇਕੱਠ ਦੇ ਰੋਹ ਅੱਗੇ ਵਿਜੈ ਸਾਂਪਲਾ ਅੜ ਨਹੀ ਸਕੇ ਅਤੇ ਕਿਸਾਨਾਂ ਦੇ ਧਰਨੇ ਨੂੰ ਕਾਂਗਰਸ ਪਾਰਟੀ ਵੱਲੋਂ ਆਰਗੇਨਾਇਜ਼ ਕੀਤਾ ਧਰਨਾ ਕਰਾਰ ਦੇ ਕੇ ਸੜਕ ਤੇ ਬੈਠ ਕੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜੀ ਕਰਨ ਲੱਗੇ। ਪੁਲਿਸ ਨੇ ਮਾਮਲਾ ਵਿਗੜਦਾ ਦੇਖ ਕੇ ਵਿਜੈ ਸਾਂਪਲਾ ਨੂੰ ਸਥਾਨਕ ਭਾਜਪਾ ਲੀਡਰਸ਼ਿਪ ਗੋਰਾ ਪਠੇਲਾ, ਸੰਦੀਪ ਗਿਰਧਰ, ਕੁਲਦੀਪ ਭੰਗੇਵਾਲਾ, ਅਨੁਰਾਗ ਸ਼ਰਮਾਂ ਅਤੇ ਹੋਰ ਵਰਕਰਾਂ ਸਮੇਤ ਗ੍ਰਿਫਤਾਰ ਕਰਕੇ ਬੱਸ ਵਿੱਚ ਬੈਠਾਇਆ ਗਿਆ ਅਤੇ ਉਹਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਸਥਿਤ ਪਿੰਡ ਖਾਰਾ ਨਜਦੀਕ ਲਿਜਾ ਕੇ ਫਰੀਦਕੋਟ ਪੁਲਿਸ ਦੇ ਹਵਾਲੇ ਕੀਤਾ ਗਿਆ। ਜਿਕਰਯੋਗ ਹੈ ਕਿ ਵਿਜੈ ਸਾਂਪਲਾ ਪਿੰਡ ਜਾਨੀਸਰ ਵਿਖੇ ਇੱਕ ਦਲਿਤ ਲੜਕੇ ਨਾਲ ਹੋਈ ਕਥਿਤ ਕੁੱਟਮਾਰ ਦੇ ਸਿਲਸਿਲੇ ਵਿੱਚ ਪੀੜਤ ਪ੍ਰੀਵਾਰ ਨੂੰ ਮਿਲਣ ਲਈ ਸ੍ਰੀ ਮੁਕਤਸਰ ਸਾਹਿਬ ਰਾਹੀਂ ਜਾ ਰਹੇ ਸਨ ਪਰ ਕਿਸਾਨਾਂ ਨੂੰ ਸੂਚਨਾ ਮਿਲਣ ਤੇ ਉਹਨਾਂ ਨੇ ਅਬੋਹਰ ਰੋਡ ਸਥਿਤ ਪਿੰਡ ਮਹਾਂਬੱਧਰ ਵਿਖੇ ਵਿਜੈ ਸਾਂਪਲਾ ਨੂੰ ਰੋਕ ਲਿਆ। ਭਾਜਪਾ ਆਗੂਆਂ ਵੱਲੋ ਇਸ ਸਾਰੇ ਮਾਮਲੇ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਜਾ ਰਿਹਾ ਹੈ, ਕਿਉਂਕਿ ਉਸ ਧਰਨੇ ਵਿੱਚ ਯੂਥ ਕਾਂਗਰਸ ਨਾਲ ਸਬੰਧਤ ਇੱਕ ਲੜਕਾ ਹਰਮਨ ਵਧਾਈ ਵੀ ਸਾਮਿਲ ਸੀ, ਜਿਸ ਦੇ ਆਧਾਰ ਤੇ ਕਿਸਾਨਾਂ ਵੱਲੋਂ ਲਾਏ ਧਰਨੇ ਨੂੰ ਭਾਜਪਾ ਆਗੂ ਕਾਂਗਰਸ ਵੱਲੋ ਪਲੇਨ ਕੀਤਾ ਧਰਨਾ ਦੱਸ ਰਹੇ ਹਨ। ਜਦੋਂ ਇਸ ਸਬੰਧੀ ਸਾਡੇ ਪੱਤਰਕਾਰ ਵੱਲੋਂ ਯੂਥ ਕਾਂਗਰਸ ਆਗੂ ਹਰਮਨ ਵਧਾਈ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਸਬੰਧਤ ਹੋਣ ਤੋਂ ਪਹਿਲਾ ਇੱਕ ਕਿਸਾਨ ਹਨ ਅਤੇ ਉਹ ਇੱਕ ਕਿਸਾਨ ਦੇ ਤੌਰ ਤੇ ਧਰਨੇ ਵਿੱਚ ਸ਼ਾਮਿਲ ਸਨ। ਉਹਨਾਂ ਕਿਹਾ ਕਿ ਉਹ ਲਗਾਤਾਰ ਪਿਛਲੇ 10 ਦਿਨਾਂ ਤੋਂ ਰੇਲਵੇ ਸਟੇਸ਼ਨ ਸਥਿਤ ਧਰਨੇ ਵਿੱਚ ਬਤੌਰ ਕਿਸਾਨ ਸ਼ਿਰਕਤ ਕਰ ਰਹੇ ਹਨ । ਭਾਜਪਾ ਆਗੂਆਂ ਵੱਲੋ ਇਸ ਧਰਨੇ ਨੂੰ ਕਾਂਗਰਸ ਪਾਰਟੀ ਸਿਰ ਮੜਿਆ ਜਾਣਾ ਸਰਾਸਰ ਗਲਤ ਹੈ। ਪੁਲਿਸ ਦੀ ਚੌਕਸੀ ਅਤੇ ਕਿਸਾਨਾਂ ਦੀ ਸਿਆਣਪ ਸਦਕਾ ਕੋਈ ਮਾੜੀ ਘਟਨਾ ਨਹੀਂ ਵਾਪਰੀ ਜਦਕਿ ਮਾਹੌਲ ਪੂਰਾ ਤਣਾਅ ਪੂਰਨ ਬਣਿਆ ਹੋਇਆ ਸੀ। ਭਾਜਪਾ ਆਗੂਆ ਨੂੰ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਆਪਣੀ ਕੇਂਦਰ ਸਰਕਾਰ ਨੂੰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਮੰਨ ਲੈਣ ਦੀ ਸ਼ਿਫਾਰਿਸ਼ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਿਡਰ ਹੋ ਕੇ ਚੋਣ ਪ੍ਰਚਾਰ ਵਿੱਚ ਹਿੱਸਾ ਲੈ ਸਕੇ।