ਰਜਿ: ਨੰ: PB/JL-124/2018-20
RNI Regd No. 23/1979

ਮਕੌੜਾ ਪੱਤਣ ’ਤੇ ਪਾਣੀ ਦਾ ਪੱਧਰ ਵਧਣ ’ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ
 
BY admin / August 01, 2022
ਗੁਰਦਾਸਪੁਰ, 1 ਅਗਸਤ, (ਯੂ.ਐਨ.ਆਈ.)- ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਉਝ ਤੇ ਰਾਵੀ ਦਰਿਆ ਦਾ ਸੁਮੇਲ ਮਕੌੜਾ ਪੱਤਣ ਉਤੇ ਪਾਣੀ ਦਾ ਪੱਧਰ ਵੱਧਣ ਕਾਰਨ ਆਰਜ਼ੀ ਪੁਲ ਰੁੜ ਗਿਆ ਹੈ। ਇਸ ਕਾਰਨ ਦਰਿਆ ਦੇ ਪਾਰ ਪੈਂਦੇ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ। ਬੀਤੇ ਕੱਲ੍ਹ ਪਾਣੀ ਦਾ ਪੱਧਰ ਵੱਧਣ ਕਾਰਨ ਪ੍ਰਸ਼ਾਸਨ ਨੇ ਨਾਲ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਸਰਹੱਦੀ ਇਲਾਕੇ ਤੇ ਦਰਿਆ ਦੇ ਪਾਰ ਰਹਿੰਦੇ ਲੋਕਾਂ ਦੀ ਬਰਸਾਤ ਦੇ ਦਿਨਾਂ ਵਿੱਚ ਸਮੱਸਿਆਵਾਂ ਕਾਫੀ ਵੱਧ ਜਾਂਦੀਆਂ ਹਨ। ਗੁਰਦਾਸਪੁਰ ਰਾਵੀ ਦਰਿਆ ’ਚ ਫਲੱਡ ਅਲਰਟ ਬਾਬਤ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੇ ਕੰਢੇ ’ਤੇ ਵਸੇ ਪਿੰਡਾਂ ’ਚ ਗੁਰਦੁਆਰਾ ਸਾਹਿਬ ’ਚ ਵੀ ਸਪੀਕਰ ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ। ਦਰਿਆ ਦੇ ਨੇੜਲੇ ਇਲਾਕੇ ਖਾਲੀ ਕੀਤੇ ਜਾਣ ਅਤੇ ਰਾਵੀ ਦਰਿਆ ਨੇੜਲੇ ਡੇਰਿਆਂ/ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਤੁਰੰਤ ਸੁਰੱਖਿਅਤ ਸਥਾਨਾਂ ਵੱਲ ਚਲੇ ਜਾਣ। ਪੱਕਾ ਪੁਲ ਨੇ ਹੋਣ ਕਾਰਨ ਆਰਜ਼ੀ ਪੁਲ ਰੁੜ ਜਾਣ ਕਾਰਨ ਉਨ੍ਹਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਜਾਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਕਿ ਸਥਿਤੀ ਕੰਟਰੋਲ ਹੇਠਾਂ। ਪੁਲ ਦਾ ਪ੍ਰਸਤਾਵ ਤਿਆਰ ਕਰ ਕੇ ਜਲਦੀ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਦਰਿਆ ਪਾਰ ਪੈਂਦੇ ਪਿੰਡਾਂ ਦੇ ਲੋਕਾਂ ਦਾ ਆਉਣ ਜਾਣ ਦਾ ਬੇੜੀ ਇਕੋ-ਇਕ ਸਹਾਰਾ ਹੈ ਜੋ ਕਿ ਸ਼ਾਮ 6.30 ਵਜੇ ਬੰਦ ਹੋ ਜਾਂਦੀ ਹੈ। ਰਾਤ ਨੂੰ ਆਉਣ-ਜਾਣ ਦਾ ਕੋਈ ਸਾਧਨ ਨਹੀਂ ਰਹਿੰਦਾ। ਇਸ ਤਰ੍ਹਾਂ 7 ਪਿੰਡਾਂ ਦੇ ਲੋਕਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਰਸਾਤੀ ਮੌਸਮ ਸ਼ੁਰੂ ਹੁੰਦਿਆਂ ਹੀ ਇੱਥੋਂ ਦੇ ਕਿਸਾਨਾਂ ਨੂੰ ਕਦੇ ਹੜ੍ਹ ਤੇ ਕਦੇ ਖੋਰੇ ਦੀ ਮਾਰ ਝੱਲਣੀ ਪੈਂਦੀ ਹੈ। ਕਿਉਂਕਿ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਆਸਪਾਸ ਦੀ ਜ਼ਮੀਨ ਖੁਰ-ਖੁਰ ਕੇ ਦਰਿਆ ਵਿਚ ਵਹਿੰਦੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਰਾਵੀ ਦਰਿਆ ਦੇ ਪਾਰ ਵਸੇ ਸੱਤ ਪਿੰਡਾਂ ਨੂੰ ਦੇਸ਼ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਕੌੜਾ ਪੱਤਣ ’ਤੇ ਪੈਂਟੂਨ ਪੁਲ ਬਣਾਇਆ ਗਿਆ ਹੈ। ਇਸ ਨੂੰ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਚੁੱਕਿਆ ਜਾਂਦਾ ਹੈ। ਕੁਝ ਦਿਨ ਪਹਿਲਾਂ ਦਰਿਆ ਵਿੱਚ ਪਾਣੀ ਵੱਧਣ ਕਾਰਨ ਇਸ ਪੁਲ ਨੂੰ ਉਤਾਰ ਦਿੱਤਾ ਗਿਆ ਸੀ। ਪੰਜਾਬ ਤੇ ਪਹਾੜੀ ਖੇਤਰਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਮੀਂਹ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਕੌੜਾ ਪੱਤਣ ’ਤੇ ਲੋਕਾਂ ਨੂੰ ਦਰਿਆ ਪਾਰ ਕਰਵਾਉਣ ਲਈ ਲਾਈ ਗਈ ਕਿਸ਼ਤੀ ਨੂੰ ਰੋਕ ਦਿੱਤਾ ਹੈ। ਹੁਣ ਲੋਕਾਂ ਨੂੰ ਦਰਿਆ ਪਾਰ ਕਰਨ ਲਈ ਪਾਣੀ ਦਾ ਪੱਧਰ ਘਟਣ ਦਾ ਇੰਤਜ਼ਾਰ ਕਰਨਾ ਪਵੇਗਾ।