ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਨਿਯੁਕਤੀ ਨੂੰ ਚੁਣੌਤੀ, ਹਾਈ ਕੋਰਟ ਨੇ ਮੰਗਿਆ ਰਿਕਾਰਡ
 
BY admin / August 01, 2022
ਚੰਡੀਗੜ੍ਹ, 1 ਅਗਸਤ, (ਯੂ.ਐਨ.ਆਈ.)- ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਨਿਯੁਕਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ। ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਪੇਸ਼ ਹੋਏ। ਹਾਈ ਕੋਰਟ ਨੇ 2 ਹਫ਼ਤਿਆਂ ਦੇ ਅੰਦਰ ਮਾਮਲੇ ਨਾਲ ਜੁੜੇ ਸਾਰੇ ਰਿਕਾਰਡ ਮੰਗੇ ਹਨ॥ ਟੀਐਸ ਮਿਸ਼ਰਾ ਨੇ ਵੀਕੇ ਜੰਜੂਆ ਦੀ ਮੁੱਖ ਸਕੱਤਰ ਦੇ ਅਹੁਦੇ ਲਈ ਨਿਯੁਕਤੀ ਤੇ ਤਰੱਕੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਜੰਜੂਆ ਖ਼ਿਲਾਫ਼ ਭਿ੍ਰਸ਼ਟਾਚਾਰ ਦਾ ਕੇਸ ਲੰਬਿਤ ਹੈ। ਅਜਿਹੇ ’ਚ ਉਨ੍ਹਾਂ ਨੂੰ ਮੁੱਖ ਸਕੱਤਰ ਬਣਾਉਣਾ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਪੰਜਾਬ ਸਰਕਾਰ ਵੱਲੋਂ ਪੈਰਵੀ ਕਰਦੇ ਹੋਏ ਵਿਨੋਦ ਘਈ ਨੇ ਕਿਹਾ ਕਿ ਵਿਜੇ ਕੁਮਾਰ ਜੰਜੂਆਂ ਦੀ ਤਰੱਕੀ ਨਹੀਂ ਤਬਾਦਲਾ ਕੀਤਾ ਗਿਆ ਹੈ ਅਸੀਂ ਅਦਾਲਤ ਦੇ ਸਾਹਮਣੇ ਸਾਰੇ ਤੱਥ ਰੱਖਾਂਗੇ। ਕੇਂਦਰ ਵੱਲੋਂ ਸਤਿਆਪਾਲ ਜੈਨ ਹਾਈ ਕੋਰਟ ਵਿੱਚ ਪੇਸ਼ ਹੋਏ। ਉਨ੍ਹਾਂ ਨੇ ਅਦਾਲਤ ਵਿੱਚ ਆਪਣੀ ਦਲੀਲਾਂ ਰੱਖੀਆਂ। ਦੋਵੇਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 2 ਹਫ਼ਤੇ ਬਾਅਦ ਕਰਨ ਦੇ ਹੁਕਮ ਸੁਣਾਏ। ਕਾਬਿਲੇਗੌਰ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਿਜੇ ਕੁਮਾਰ ਜੰਜੂਆਂ ਰਿਸ਼ਵਤ ਲੈਂਦੇ ਫੜੇ ਗਏ ਹਨ। ਪੰਜਾਬ ਸਰਕਾਰ ਨੇ ਕੇਂਦਰ ਨੂੰ ਜਾਣਕਾਰੀ ਦਿੱਤੇ ਬਿਨਾਂ ਹੀ ਆਪਣੇ ਪੱਧਰ ਉਤੇ ਜੰਜੂਆ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਸੀ। ਜਦਕਿ ਕਿਸੇ ਵੀ ਆਈਏਐਸ ਖ਼ਿਲਾਫ਼ ਮਾਮਲਾ ਚਲਾਉਣ ਤੋਂ ਪਹਿਲਾਂ ਕੇਂਦਰ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ। ਪਟੀਸ਼ਨਕਰਤਾ ਤੁਲਸੀ ਰਾਮ ਨੇ ਇਸ ਨੂੰ ਆਧਾਰ ਬਣਾ ਕੇ ਪਟੀਸਨ ਦਾਖ਼ਲ ਕੀਤੀ ਹੈ ਕਿ ਇਕ ਦਾਗ਼ੀ ਅਧਿਕਾਰੀ ਨੂੰ ਪੰਜਾਬ ਦਾ ਮੁੱਖ ਸਕੱਤਰ ਕਿਉਂ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕ ਪੰਜਾਬ ਦੇ ਨਵੇਂ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਨਿਯੁਕਤੀ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। 18 ਜੁਲਾਈ ਨੂੰ ਇਸ ਮਾਮਲੇ ਉਤੇ ਅਦਾਲਤ ਵਿਚ ਸੁਣਵਾਈ ਸੀ ਪਰ ਪਟੀਸ਼ਨ ਪੱਖ ਦਾ ਵਕੀਲ ਅਦਾਲਤ ਵਿਚ ਪੇਸ਼ ਹੋਣ ਕਰਕੇ ਸੁਣਵਾਈ 1 ਅਗਸਤ ਤੱਕ ਮੁਲਤਵੀ ਕਰ ਦਿੱਤੀ ਸੀ। ਕਾਬਿਲੇਗੌਰ ਹੈ ਕਿ ਵਿਜੇ ਕੁਮਾਰ ਜੰਜੂਆ ਨੂੰ ਵਿਜੀਲੈਂਸ ਬਿਊਰੋ ਨੇ 9 ਨਵੰਬਰ 2009 ਨੂੰ ਡਾਇਰੈਕਟਰ ਇੰਡਸਟਰੀਜ਼ ਹੁੰਦਿਆਂ 2 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਇਹ ਰਕਮ ਲੁਧਿਆਣਾ ਦੇ ਇੱਕ ਵਪਾਰੀ ਤੋਂ ਲਈ ਜਾਣ ਦਾ ਦਾਅਵਾ ਕੀਤਾ ਗਿਆ ਸੀ। ਉਸੇ ਦਿਨ ਜੰਜੂਆ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।