ਰਜਿ: ਨੰ: PB/JL-124/2018-20
RNI Regd No. 23/1979

ਗੁਰਦੁਆਰਾ ਸ੍ਰੀ ਲੰਗਰ ਸਾਹਿਬ ਨਾਂਦੇੜ ਵਿਖੇ ਸਾਲਾਨਾ ਬਰਸੀ ਸਮਾਗਮ ਦੀਆਂ ਤਿਆਰੀਆਂ ਸ਼ੁਰੂ- ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ
 
BY admin / August 02, 2022
ਹਜ਼ੂਰ ਸਾਹਿਬ, 2 ਅਗਸਤ, (ਪ.ਪ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਅਗਸਤ ਨੂੰ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਨਾਂਦੇੜ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨਿਧਾਨ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੇ ਸਾਲਾਨਾ ਬਰਸੀ ਸਮਾਗਮ ਹੋ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਦਾਰ ਸੁਖਜੀਤ ਸਿੰਘ ਬਘੋਰਾ ਪ੍ਰਚਾਰ ਸਕੱਤਰ ਕਿਸਾਨ ਯੂਨੀਅਨ ਨੇ ਦੱਸਿਆ ਕਿ ਇਸ ਬਰਸੀ ਦੀ ਦੇਖ ਰੇਖ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਕਰ ਰਹੇ ਹਨ। ਇਸ ਮੌਕੇ ਤਖ਼ਤ ਸੱਚਖੰਡ ਸਾਹਿਬ ਦੇ ਮਾਨਯੋਗ ਪੰਜ ਪਿਆਰੇ ਸਾਹਿਬਾਨ ਸੰਤ ਬਾਬਾ ਕੁਲਵੰਤ ਸਿੰਘ ਜੀ, ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਮੁੱਖੀ ਨਿਹੰਗ ਸਿੰਘ ਜੱਥੇਬੰਦੀਆਂ, ਸੰਤ ਮਹਾਂਪੁਰਸ਼, ਸਿੰਘ ਸਭਾਵਾਂ ਤੇ ਉਚ ਕੋਟੀ ਦੇ ਰਾਗੀ ਜੱਥੇ, ਢਾਡੀ ਜੱਥੇ, ਪ੍ਰਚਾਰਕ ਆਦਿ ਪਹੁੰਚ ਰਹੇ ਹਨ ਜੋ ਕਿ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸ਼ਬਦ ਕੀਰਤਨ ਸਰਵਣ ਕਰਾਉਣਗੇ। ਗੁਰਦੁਆਰਾ ਸ੍ਰੀ ਲੰਗਰ ਸਾਹਿਬ ਵਿਖੇ 2 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਤੇ 4 ਅਗਸਤ ਨੂੰ ਸਮਾਪਤੀ ਉਪਰੰਤ ਖੁਲ੍ਹੇ ਪੰਡਾਲ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ। ਗੁਰਦੁਆਰਾ ਸ੍ਰੀ ਲੰਗਰ ਸਾਹਿਬ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ ਹਜ਼ਾਰਾਂ ਸੰਗਤਾਂ ਦੇ ਰਿਹਾਇਸ਼ ਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੰਗਤਾਂ ਨੂੰ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਲੰਗਰ ਸਾਹਿਬ ਤੱਕ ਲਿਆਉਣ ਤੇ ਛੱਡਣ ਲਈ ਵਿਸ਼ੇਸ਼ ਬੱਸ ਸੇਵਾ ਦੇ ਪ੍ਰਬੰਧ ਕੀਤੇ ਗਏ ਹਨ। ਮੈਡੀਕਲ ਕੈਂਪ ਦਾ ਆਯੋਜਨ ਵੀ ਇਸ ਸਮੇਂ ਕੀਤਾ ਜਾਵੇਗਾ। ਸਿਹਤ ਸਹੂਲਤਾਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ।