ਰਜਿ: ਨੰ: PB/JL-124/2018-20
RNI Regd No. 23/1979

 ਵੈਟਨਰੀ ਯੂਨੀਵਰਸਿਟੀ ਨੂੰ ਪਸ਼ੂ ਵਿਗਿਆਨ ਅਤੇ ਵੈਟਨਰੀ ਯੂਨੀਵਰਸਿਟੀਆਂ ਵਿਚੋਂ ਦੇਸ਼ ਦੀ ਨੰਬਰ ਇਕ ਯੂਨੀਵਰਸਿਟੀ ਦਾ ਦਿੱਤਾ ਦਰਜਾ
 
BY admin / August 02, 2022
ਲੁਧਿਆਣਾ, 2 ਅਗਸਤ, (ਰਾਮ ਰਾਜਪੂਤ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ  (ਰਿਸਰਚ.ਕਾਮ) ਨੇ ਮਾਈਕ੍ਰੋਸਾਫ਼ਟ ਅਕਾਦਮਿਕ ਗ੍ਰਾਫ ਤੋਂ ਇਕੱਤਰ ਕੀਤੇ ਡਾਟੇ ਦੇ ਆਧਾਰ ’ਤੇ ਭਾਰਤ ਦੀ ਸਰਵਉੱਤਮ ਪਸ਼ੂ ਵਿਗਿਆਨ ਅਤੇ ਵੈਟਨਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਹੈ।ਆਲਮੀ ਪੱਧਰ ’ਤੇ ਵੈਟਨਰੀ ਯੂਨੀਵਰਸਿਟੀ ਨੂੰ 213ਵਾਂ ਸਥਾਨ ਪ੍ਰਾਪਤ ਹੋਇਆ ਹੈ।ਮਾਈਕ੍ਰੋਸਾਫ਼ਟ ਅਕਾਦਮਿਕ ਗ੍ਰਾਫ ਵਿਗਿਆਨਕ ਭਾਈਚਾਰੇ ਲਈ ਉਪਲਬਧ ਇਸ ਕਿਸਮ ਦਾ ਸਭ ਤੋਂ ਪ੍ਰਮੁੱਖ ਅਤੇ ਸਥਾਪਿਤ ਡਾਟਾ ਆਧਾਰ ਹੈ।ਇਸ ਡਾਟੇ ਵਿਚ ਵਿਗਿਆਨੀਆਂ ਦੇ ਖੋਜ ਪਰਚੇ ਅਤੇ ਹਵਾਲੇ ਸ਼ਾਮਿਲ ਹੁੰਦੇ ਹਨ।ਇਨ੍ਹਾਂ ਦੇ ਆਧਾਰ ’ਤੇ ਕਿਸੇ ਯੂਨੀਵਰਸਿਟੀ ਜਾਂ ਵਿਗਿਆਨੀ ਦੀ ਦਰਜਾਬੰਦੀ ਕੀਤੀ ਜਾਂਦੀ ਹੈ। ਸੰਬੰਧਿਤ ਵੇਰਵਿਆਂ ਲਈ ਵਿਸ਼ਵ ਭਰ ਦੇ 166880 ਖੋਜਾਰਥੀਆਂ ਦੇ ਕਾਰਜ ਦਾ ਵਿਸਥਾਰ ਵਿਚ ਮੁਲਾਂਕਣ ਕੀਤਾ ਗਿਆ ਜਦਕਿ ਪਸ਼ੂ ਵਿਗਿਆਨ ਅਤੇ ਵੈਟਨਰੀ ਅਨੁਸ਼ਾਸਨ ਦੇ ਖੇਤਰ ਵਿਚ 3419 ਖੋਜਾਰਥੀਆਂ ਦੇ ਵੇਰਵੇ ਜਾਂਚੇ ਗਏ। 525 ਤੋਂ ਵੱਧ ਸੰਸਥਾਵਾਂ ਅਤੇ ਵਿਗਿਆਨੀਆਂ ਦੇ ਹਵਾਲਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।ਇਥੇ ਵਰਨਣਯੋਗ ਹੈ ਕਿ ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੂੰ ਰਾਸ਼ਟਰੀ ਪੱਧਰ ’ਤੇ ਸਿਰਮੌਰ ਵਿਗਿਆਨੀ ਵਜੋਂ ਚੁਣਿਆ ਗਿਆ।ਉਨ੍ਹਾਂ ਦੀਆਂ ਖੋਜ ਪ੍ਰਕਾਸ਼ਨਾਵਾਂ ਨੂੰ 4878 ਹਵਾਲੇ ਪ੍ਰਾਪਤ ਹੋਏ ਸਨ ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ 423ਵਾਂ ਸਥਾਨ ਪ੍ਰਾਪਤ ਹੋਇਆ।ਭਾਰਤ ਵਿਚ ਦੂਸਰੇ ਨੰਬਰ ’ਤੇ ਆਉਣ ਵਾਲੇ ਵਿਗਿਆਨੀ ਨੂੰ ਮੁਕਾਬਲਤਨ 3108 ਹਵਾਲੇ ਹੀ ਪ੍ਰਾਪਤ ਹੋਏ ਸਨ। ਡਾ. ਇੰਦਰਜੀਤ ਸਿੰਘ, ਉੋਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਇਸ ਪ੍ਰਾਪਤੀ ਲਈ ਸਾਰਿਆਂ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਨਾਲ ਕਿਸਾਨ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਉਪਲਬਧੀ ਦਾ ਸਿਹਰਾ ਉਨ੍ਹਾਂ ਨੂੰ ਸਮਰਪਿਤ ਕੀਤਾ।ਉਨ੍ਹਾਂ ਕਿਹਾ ਕਿ 2006 ਵਿਚ ਆਪਣੀ ਸਥਾਪਨਾ ਤੋਂ ਬਾਅਦ ਯੂਨੀਵਰਸਿਟੀ ਨੇ ਪਸ਼ੂਧਨ ਖੇਤਰ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਬੜੀ ਤੇਜ਼ ਰਫ਼ਤਾਰ ਨਾਲ ਅਤੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ।ਲਗਭਗ 250 ਅਧਿਆਪਕਾਂ ਨਾਲ ਕਾਰਜ ਕਰ ਰਹੀ ਇਹ ਯੂਨੀਵਰਸਿਟੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਹਿਯੋਗ ਦੇ ਨਾਲ 100 ਤੋਂ ਵੱਧ ਖੋਜ ਪ੍ਰਾਜੈਕਟ ਕੁਸ਼ਲਤਾ ਨਾਲ ਚਲਾ ਰਹੀ ਹੈ।ਆਪਣੇ ਪਸਾਰ ਕਾਰਜਾਂ ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿਚ ਸਥਾਪਿਤ ਕੇਂਦਰਾਂ ਨਾਲ ਕਿਸਾਨਾਂ ਦੀ ਪਹੁੰਚ ਨੂੰ ਬਹੁਤ ਸੁਖਾਲਾ ਕਰ ਦਿੱਤਾ ਗਿਆ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਭਵਿੱਖ ਵਿਚ ਹੋਰ ਉਚਾਈਆਂ ਹਾਸਿਲ ਕਰਦੀ ਰਹੇਗੀ।