ਰਜਿ: ਨੰ: PB/JL-124/2018-20
RNI Regd No. 23/1979

ਭਾਰਤ ਅਤੇ ਮਾਲਦੀਵ ਵਿਚਕਾਰ ਛੇ ਸਮਝੌਤਿਆਂ ’ਤੇ ਹਸਤਾਖਰ
 
BY admin / August 02, 2022
ਨਵੀਂੰ ਦਿੱਲੀ, 2 ਅਗਸਤ, (ਯੂ.ਐਨ.ਆਈ.)- ਭਾਰਤ ਅਤੇ ਮਾਲਦੀਵ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਵਿਚਕਾਰ ਸਿਖਰ ਵਾਰਤਾ ਤੋਂ ਬਾਅਦ ਛੇ ਸਮਝੌਤਿਆਂ ’ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਦਰਮਿਆਨ ਸਮਰੱਥਾ ਨਿਰਮਾਣ, ਸਾਈਬਰ ਸੁਰੱਖਿਆ, ਰਿਹਾਇਸ਼, ਆਫ਼ਤ ਪ੍ਰਬੰਧਨ ਅਤੇ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਵਧਾਉਣ ਲਈ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਹਨ। ਸਿਖਰ ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਲਦੀਵ ਨੂੰ 100 ਮਿਲੀਅਨ ਡਾਲਰ ਦੀ ਵਾਧੂ ਕ੍ਰੈਡਿਟ ਲਾਈਨ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਾਰੇ ਪ੍ਰੋਜੈਕਟ ਸਮੇਂ ਸਿਰ ਪੂਰੇ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੇ ਦੋਸਤਾਨਾ ਸਬੰਧਾਂ ਵਿੱਚ ਨਵੀਂ ਮਜ਼ਬੂਤੀ ਆਈ ਹੈ ਅਤੇ ਨੇੜਤਾ ਵਧੀ ਹੈ। ਉਨ੍ਹਾਂ ਕਿਹਾ, “ਕੋਵਿਡ ਮਹਾਂਮਾਰੀ ਦੁਆਰਾ ਦਰਪੇਸ਼ ਚੁਣੌਤੀਆਂ ਦੇ ਬਾਵਜੂਦ, ਸਾਡਾ ਸਹਿਯੋਗ ਇੱਕ ਵਿਆਪਕ ਸਾਂਝੇਦਾਰੀ ਦਾ ਰੂਪ ਲੈ ਰਿਹਾ ਹੈ। ਹਿੰਦ ਮਹਾਸਾਗਰ ਵਿੱਚ ਅੰਤਰ-ਰਾਸ਼ਟਰੀ ਅਪਰਾਧ, ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਖ਼ਤਰਾ ਗੰਭੀਰ ਹੈ। ਭਾਰਤ-ਮਾਲਦੀਵ ਦਰਮਿਆਨ ਨਜ਼ਦੀਕੀ ਸਬੰਧ ਸ਼ਾਂਤੀ ਲਈ ਮਹੱਤਵਪੂਰਨ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮਾਲਦੀਵ ਦੀ ਕਿਸੇ ਵੀ ਲੋੜ ਜਾਂ ਸੰਕਟ ਦਾ ਜਵਾਬ ਦੇਣ ਲਈ ਸਭ ਤੋਂ ਪਹਿਲਾਂ ਰਿਹਾ ਹੈ ਅਤੇ ਅਜਿਹਾ ਕਰਦਾ ਰਹੇਗਾ।  ਇਸ ਦੇ ਨਾਲ ਹੀ ਮਾਲਦੀਵ ਦੇ ਰਾਸ਼ਟਰਪਤੀ ਸੋਲਿਹ ਨੇ ਕਿਹਾ ਕਿ ਅਸੀਂ ਅੱਤਵਾਦ ਦੇ ਖਤਰੇ ਨਾਲ ਨਜਿੱਠਣ ਲਈ ਆਪਣੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। ਉਨ੍ਹਾਂ ਕਿਹਾ ਕਿ ਮਾਲਦੀਵ ਭਾਰਤ ਦਾ ਸੱਚਾ ਮਿੱਤਰ ਬਣਿਆ ਰਹੇਗਾ। ਸੋਲਿਹ ਸੋਮਵਾਰ ਨੂੰ ਉੱਚ ਪੱਧਰੀ ਵਫਦ ਦੇ ਨਾਲ ਭਾਰਤ ਦੇ ਚਾਰ ਦਿਨਾਂ ਦੌਰੇ ’ਤੇ ਦਿੱਲੀ ਪਹੁੰਚੇ। ਮਾਲਦੀਵ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੇ ਪ੍ਰਮੁੱਖ ਸਮੁੰਦਰੀ ਗੁਆਂਢੀਆਂ ਵਿੱਚੋਂ ਇੱਕ ਹੈ ਅਤੇ ਰੱਖਿਆ ਅਤੇ ਸੁਰੱਖਿਆ ਦੇ ਖੇਤਰਾਂ ਸਮੇਤ ਸਮੁੱਚੇ ਦੁਵੱਲੇ ਸਬੰਧਾਂ ਵਿੱਚ ਪਿਛਲੇ ਸਾਲਾਂ ਵਿੱਚ ਵਾਧਾ ਹੋਇਆ ਹੈ।