ਰਜਿ: ਨੰ: PB/JL-124/2018-20
RNI Regd No. 23/1979

ਸਰਹੱਦ ਪਾਰ ਤੋਂ ਜੰਮੂ-ਕਸ਼ਮੀਰ ’ਚ ਦਾਖ਼ਲ ਹੋਇਆ ਡਰੋਨ, ਬੀਐੱਸਐੱਫ ਦੀ ਗੋਲੀਬਾਰੀ ਕਾਰਨ ਭੱਜਿਆ
 
BY admin / August 02, 2022
ਸ੍ਰੀਨਗਰ, 2 ਅਗਸਤ, (ਯੂ.ਐਨ.ਆਈ.)- ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਜੰਮੂ ਅਤੇ ਕਸ਼ਮੀਰ ਦੇ ਕਾਨਾਚਕ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਨੇੜੇ ਇੱਕ ਸ਼ੱਕੀ ਉੱਡਣ ਵਾਲੀ ਵਸਤੂ ’ਤੇ ਗੋਲੀਬਾਰੀ ਕੀਤੀ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 9.35 ਵਜੇ ਹਵਾ ’ਚ ਇਕ ਚਮਕਦਾਰ ਚੀਜ਼ ਦਿਖਾਈ ਦਿੱਤੀ, ਜੋ ਸਰਹੱਦ ਪਾਰ ਤੋਂ ਭਾਰਤੀ ਖੇਤਰ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਬੀਐਸਐਫ ਦੇ ਜਵਾਨਾਂ ਨੇ ਫਲੈਸ਼ਿੰਗ ਵਸਤੂ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਇਹ ਦਿਖਾਈ ਨਹੀਂ ਦੇ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਅਤੇ ਹੋਰ ਏਜੰਸੀਆਂ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਅਜੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਤਿੰਨ ’ਮਾਡਿਊਲ’ ਦਾ ਪਰਦਾਫਾਸ਼ ਕੀਤਾ ਸੀ ਅਤੇ ਇਸ ਦੇ ਸੱਤ ਮੈਂਬਰਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਪਾਕਿਸਤਾਨ ਤੋਂ ਹਥਿਆਰਾਂ, ਗੋਲਾ ਬਾਰੂਦ ਅਤੇ ਵਿਸਫੋਟਕਾਂ ਦਾ ਵੱਡਾ ਭੰਡਾਰ ਵੀ ਬਰਾਮਦ ਕੀਤਾ ਗਿਆ ਸੀ ਜਿਸ ਨੂੰ 35 ਡਰੋਨਾਂ ਦੁਆਰਾ ਸੁੱਟਿਆ ਗਿਆ ਸੀ। ਲਸ਼ਕਰ ਨੇ ਕਥਿਤ ਤੌਰ ’ਤੇ ਜੰਮੂ ਅਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਡਰੋਨ ਦੁਆਰਾ ਸੁੱਟੇ ਗਏ ਹਥਿਆਰਾਂ ਨੂੰ ਇਕੱਠਾ ਕਰਨ ਅਤੇ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਪਹੁੰਚਾਉਣ ਲਈ ਤਿੰਨ ਅੱਤਵਾਦੀ ’ਮਾਡਿਊਲ’ ਸਥਾਪਤ ਕੀਤੇ ਸਨ। ਭਾਰਤ ਵਿੱਚ ਦਹਿਸ਼ਤ ਫੈਲਾਉਣ ਲਈ ਪਾਕਿਸਤਾਨ ਲਗਾਤਾਰ ਆਪਣੀਆਂ ਨਾਪਾਕ ਸਾਜ਼ਿਸ਼ਾਂ ਰਚ ਰਿਹਾ ਹੈ। ਉਸਨੇ ਕਸ਼ਮੀਰ ਵਿੱਚ ਦਹਿਸ਼ਤ ਫੈਲਾਉਣ ਲਈ ਡਰੋਨਾਂ ਨੂੰ ਆਪਣਾ ਸਾਧਨ ਬਣਾਇਆ ਹੈ। ਉਹ ਡਰੋਨ ਰਾਹੀਂ ਕਸ਼ਮੀਰ ਵਿੱਚ ਹਥਿਆਰਾਂ ਦੀ ਖੇਪ ਭੇਜ ਕੇ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ। ਹਾਲਾਂਕਿ ਸੁਰੱਖਿਆ ਬਲ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਰਹੇ ਹਨ ਅਤੇ ਉਸ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇ ਰਹੇ ਹਨ। ਅਮਰਨਾਥ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਇਸ ਨੂੰ ਵਿਗਾੜਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਤੱਕ ਇਸ ਨੂੰ ਸਫਲਤਾ ਨਹੀਂ ਮਿਲੀ ਹੈ।