ਰਜਿ: ਨੰ: PB/JL-124/2018-20
RNI Regd No. 23/1979

ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੰਜਾਬ ’ਚ ਚੱਕਾ ਜਾਮ ਕਰਨ ਦਾ ਐਲਾਨ
 
BY admin / August 02, 2022
ਚੰਡੀਗੜ੍ਹ, 2 ਅਗਸਤ, (ਯੂ.ਐਨ.ਆਈ.)- ਸੰਯੁਕਤ ਕਿਸਾਨ ਮੋਰਚੇ ਗ਼ੈਰ ਰਾਜਨੀਤਿਕ ਵੱਲੋਂ 3 ਅਗਸਤ ਨੂੰ ਪੰਜਾਬ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਸੰਯੁਕਤ ਮੋਰਚੇ ਵੱਲੋਂ ਇਹ ਐਲਾਨ ਸੁਨਾਮ ਦੀ ਧਰਤੀ ਤੋਂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਅਮਰਜੀਤ ਸਿੰਘ ਰਾੜਾ ਨੇ ਕਿਹਾ ਕਿ ਪੰਜਾਬ ਨੂੰ ਆਉਂਦੇ-ਜਾਂਦੇ 7 ਨੈਸ਼ਨਲ ਹਾਈਵੇ ਕਿਸਾਨਾਂ ਵੱਲੋਂ ਜਾਮ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਹੱਕੀ ਮੰਗਾਂ ਲਈ ਵਿੱਢੇ ਗਏ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਗਾਂ ਨਹੀਂ ਮੰਨ ਰਹੀ। ਇਸ ਕਾਰਨ ਕਿਸਾਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਅਮਰਜੀਤ ਰਾੜਾ ਨੇ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਗੰਨਾ ਮਿੱਲਾਂ 2022/23 ਦੇ ਸੀਜ਼ਨ ਲਈ 1 ਨਵੰਬਰ ਤੋਂ ਚਲਾਈਆਂ ਜਾਣ, ਗੰਨੇ ਦਾ ਰੇਟ 360 ਰੁਪਏ ਮਿੱਲ ਵੱਲੋਂ ਇਕੋ ਕਿਸ਼ਤ ਵਿੱਚ ਦਿੱਤਾ ਜਾਵੇ, ਗੰਨੇ ਦਾ ਬਕਾਇਆ ਸਰਕਾਰੀ ਤੇ ਪ੍ਰਾਈਵੇਟ ਮਿੱਲਾਂ ਵੱਲੋਂ ਜਲਦ ਤੋਂ ਜਲਦ ਪਾਇਆ ਜਾਵੇ, ਗੰਨੇ ਦੇ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਵੇ। ਇਸ ਤੋਂ ਇਲਾਵਾ ਨਰਮੇ ਦਾ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਕਾਰਨ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ, ਝੋਨੇ ਦੀ ਪਰਾਲੀ ਦੀ ਸੰਭਾਲ ਲਈ ਸਬਸਿਡੀ ਦਾ ਸਰਕਾਰ ਅਗਾਊਂ ਐਲਾਨ ਕਰੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ ਵਰ੍ਹੇ ਕਿਸਾਨ ਆਗੂਆਂ, ਖੇਤੀ ਮਾਹਿਰਾਂ ਤੇ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਗੰਨੇ ਦੀ ਲਾਗਤ ਦਾ ਖ਼ਰਚਾ 480 ਰੁਪਏ ਕੁਇੰਟਲ ਬਣਦੀ ਹੈ, ਇਸ ਨੂੰ ਧਿਆਨ ਵਿੱਚ ਰੱਖ ਕੇ ਗੰਨੇ ਦੇ ਰੇਟ ਵਿੱਚ ਪੰਜਾਬ ਸਰਕਾਰ ਵਾਧਾ ਕਰੇ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਸਰਕਾਰੀ ਨੌਕਰੀ ਦੇਵੇ। ਕਿਸਾਨ ਆਗੂ ਨੇ ਦੱਸਿਆ ਕਿ 15 ਮਈ ਨੂੰ ਧਰਨੇ ਤੋਂ ਬਾਅਦ ਸਰਕਾਰ ਨੇ ਵਾਅਦੇ ਕੀਤੇ ਸਨ ਪਰ ਹੁਣ ਸਰਕਾਰ ਆਪਣੇ ਵਾਅਦਿਆਂ ਤੇ ਦਾਅਵਿਆਂ ਤੋਂ ਮੁਕਰ ਰਹੀ ਹੈ। ਇਸ ਨੂੰ ਲੈ ਕੇ ਕਿਸਾਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।