ਰਜਿ: ਨੰ: PB/JL-124/2018-20
RNI Regd No. 23/1979

ਸ੍ਰੀ ਦਰਬਾਰ ਸਾਹਿਬ ਨੇੜਲੀਆਂ ਸਰਾਵਾਂ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਦੇ ਫੈਸਲੇ ਨੂੰ ਭਾਰਤ ਸਰਕਾਰ ਤੁਰੰਤ ਵਾਪਸ ਲਵੇ-ਮੁੱਖ ਮੰਤਰੀ
 
BY admin / August 02, 2022
ਚੰਡੀਗੜ, 2 ਅਗਸਤ, (ਰਾਜ ਕੁਮਾਰ ਵਰਮਾ)- ਸ੍ਰੀ ਦਰਬਾਰ ਸਾਹਿਬ, ਅੰਮਿ੍ਰਤਸਰ ਨੇੜਲੀਆਂ ਸਰਾਵਾਂ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਦੇ ਫੈਸਲੇ ਨੂੰ ਆਪਹੁਦਰਾ ਅਤੇ ਅਣਉਚਿਤ ਕਦਮ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਮੁੱਖ ਮੰਤਰੀ ਨੇ ਹਰਿਮੰਦਰ ਸਾਹਿਬ ਨੇੜਲੀਆਂ ਸਰਾਵਾਂ ਉਤੇ ਜੀ.ਐਸ.ਟੀ. ਲਾਉਣ ਦੇ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਐਨ.ਆਰ.ਆਈ. ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਸਮੇਤ ਸਰਾਵਾਂ ਦਰਬਾਰ ਸਾਹਿਬ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨਾਂ ਸਰਾਵਾਂ ਦਾ ਮੁੱਖ ਮਨੋਰਥ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੇ ਰਹਿਣ ਦੀ ਵਿਵਸਥਾ ਕਰਨਾ ਹੈ ਜਿਸ ਕਰਕੇ ਇਹ ਸਰਾਵਾਂ ਗੁਰਦੁਆਰਾ ਕੰਪਲੈਕਸ ਦਾ ਅਨਿੱਖੜਵਾਂ ਹਿੱਸਾ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਇਹ ਸਰਾਵਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਨਾਫਾ ਨਾ ਕਮਾਉਣ ਦੇ ਉਦੇਸ਼ ਨਾਲ ਅਰਾਮਦਾਇਕ ਠਹਿਰ ਮੁਹੱਈਆ ਕਰਵਾਉਂਦੀਆਂ ਹਨ। ਉਨਾਂ ਕਿਹਾ ਕਿ ਇਨਾਂ ਤਿੰਨ ਸਰਾਵਾਂ ਦੇ ਕਮਰਿਆਂ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣ ਨਾਲ ਦੁਨੀਆ ਭਰ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਹੁਣ ਮਹਿੰਗੇ ਭਾਅ ਉਤੇ ਕਮਰੇ ਲੈਣੇ ਪੈਣਗੇ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸਰਾਵਾਂ ਗੈਰ-ਵਪਾਰਕ ਸੰਸਥਾਵਾਂ ਹਨ ਅਤੇ ਇਨਾਂ ਦਾ ਨਿਰਮਾਣ ਪਵਿੱਤਰ ਨਗਰੀ ਵਿਖੇ ਰੋਜ਼ਾਨਾ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਦੀ ਸਹੂਲਤ ਲਈ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਨਿਰਆਧਾਰ ਫੈਸਲਾ ਬਿਨਾਂ ਕਿਸੇ ਦੇਰੀ ਤੋਂ ਵਾਪਸ ਲਿਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਇਸ ਤੋਂ ਪਹਿਲਾਂ ਵੀ ਲੰਗਰ ਉਤੇ ਜੀ.ਐਸ.ਟੀ. ਲਾਉਣ ਦਾ ਫੈਸਲਾ ਲਿਆ ਸੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਫੇਰ ਸਰਾਵਾਂ ਉਤੇ ਜੀ.ਐਸ.ਟੀ. ਲਾਉਣ ਦਾ ਕਦਮ ਚੁੱਕ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੀਆਂ ਸਮੂਹ ਸੰਗਤਾਂ ਖਾਸ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ।