ਰਜਿ: ਨੰ: PB/JL-124/2018-20
RNI Regd No. 23/1979

ਈਡੀ ਨੇ ਨੈਸ਼ਨਲ ਹੈਰਾਲਡ ਦਾ ਦਫ਼ਤਰ ਸੀਲ ਕੀਤਾ, ਬੀਤੇ ਦਿਨ ਲਈ ਗਈ ਸੀ ਤਲਾਸ਼ੀ
 
BY admin / August 03, 2022
ਨਵੀਂ ਦਿੱਲੀ, 3 ਅਗਸਤ, (ਯੂ.ਐਨ.ਆਈ.)- ਨੈਸ਼ਨਲ ਹੈਰਾਲਡ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉਸ ਦਾ ਦਫ਼ਤਰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਈਡੀ ਨੇ ਨਿਰਦੇਸ਼ ਦਿੱਤਾ ਹੈ ਕਿ ਏਜੰਸੀ ਦੀ ਇਜਾਜ਼ਤ ਤੋਂ ਬਿਨਾਂ ਇਮਾਰਤ ਨਾ ਖੋਲ੍ਹੀ ਜਾਵੇ। ਈਡੀ ਨੇ ਨੈਸ਼ਨਲ ਹੈਰਾਲਡ ਦੇ ਦਫ਼ਤਰ ਨੂੰ ਅਗਾਊਂ ਇਜਾਜ਼ਤ ਤੋਂ ਬਿਨਾਂ ਦਫ਼ਤਰ ਨਾ ਖੋਲ੍ਹਣ ਲਈ ਨੋਟਿਸ ਲਗਾਇਆ ਹੈ। ਉਦੋਂ ਤੋਂ ਏਆਈਸੀਸੀ ਹੈੱਡਕੁਆਰਟਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ 10 ਜਨਪਥ ਯਾਨੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਈਡੀ ਨੇ ਮੰਗਲਵਾਰ ਨੂੰ ਇਸ ਦਫਤਰ ਦੀ ਤਲਾਸ਼ੀ ਲਈ ਸੀ, ਜਿਸ ਤੋਂ ਬਾਅਦ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਈਡੀ ਦੀ ਟੀਮ ਨੇ ਇੱਥੇ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਛਾਪੇਮਾਰੀ ਕੀਤੀ ਸੀ। ਈਡੀ ਨੇ ਕੱਲ੍ਹ ਨੈਸ਼ਨਲ ਹੈਰਾਲਡ ਕੇਸ ਦੇ ਸਬੰਧ ਵਿੱਚ ਦਿੱਲੀ, ਲਖਨਊ, ਕੋਲਕਾਤਾ ਵਿੱਚ 12 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਨੈਸ਼ਨਲ ਹੈਰਾਲਡ ਮਾਮਲੇ ’ਚ ਕਾਂਗਰਸ ਦੇ ਚੋਟੀ ਦੇ ਨੇਤਾਵਾਂ ’ਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਈਡੀ ਅਧਿਕਾਰੀਆਂ ਨੇ ਕਿਹਾ ਕਿ ਪੈਸੇ ਦੇ ਲੈਣ-ਦੇਣ ਨਾਲ ਸਬੰਧਤ ਵਾਧੂ ਜਾਣਕਾਰੀ ਇਕੱਠੀ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਅਪਰਾਧਿਕ ਧਾਰਾਵਾਂ ਦੇ ਤਹਿਤ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰੀ ਮੁੱਖ ਤੌਰ ’ਤੇ ਉਨ੍ਹਾਂ ਇਕਾਈਆਂ ’ਤੇ ਕੀਤੀ ਗਈ ਜੋ ਨੈਸ਼ਨਲ ਹੈਰਾਲਡ ਨਾਲ ਜੁੜੇ ਲੈਣ-ਦੇਣ ਵਿਚ ਸ਼ਾਮਲ ਸਨ। ਇਹ ਕਾਰਵਾਈ ਇਸ ਮਾਮਲੇ ’ਚ ਕਈ ਲੋਕਾਂ ਤੋਂ ਹਾਲ ਹੀ ’ਚ ਹੋਈ ਪੁੱਛਗਿੱਛ ਤੋਂ ਸਾਹਮਣੇ ਆਏ ਨਵੇਂ ਸਬੂਤਾਂ ਦੇ ਆਧਾਰ ’ਤੇ ਕੀਤੀ ਗਈ ਹੈ। ਨੈਸ਼ਨਲ ਹੈਰਾਲਡ ਮਾਮਲੇ ’ਚ ਈਡੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਕਈ ਦੌਰ ਤੱਕ ਪੁੱਛਗਿੱਛ ਕੀਤੀ ਹੈ। ਇਸ ਨੂੰ ਲੈ ਕੇ ਕਾਂਗਰਸ ਨੇ ਤਿੱਖਾ ਵਿਰੋਧ ਦਰਜ ਕਰਵਾਇਆ ਸੀ। ਈਡੀ ਵੱਲੋਂ ਸੋਨੀਆ ਅਤੇ ਰਾਹੁਲ ਦੀ ਪੁੱਛਗਿੱਛ ਨੂੰ ਲੈ ਕੇ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਨੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤਾ। ਸੋਨੀਆ ਗਾਂਧੀ ਤੋਂ ਪੁੱਛਗਿੱਛ ਦੌਰਾਨ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਸੀ। ਨੈਸ਼ਨਲ ਹੈਰਾਲਡ ਅਖਬਾਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਲ 1938 ਵਿੱਚ ਸ਼ੁਰੂ ਕੀਤਾ ਸੀ। ਇਸ ਅਖ਼ਬਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਐਸੋਸੀਏਟਿਡ ਜਰਨਲਜ਼ ਲਿਮਟਿਡ (ਏ.ਜੇ.ਐੱਲ.) ਨਾਂ ਦੀ ਕੰਪਨੀ ਕੋਲ ਸੀ। ਇਸ ਕੰਪਨੀ ’ਤੇ ਸ਼ੁਰੂ ਤੋਂ ਹੀ ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਦਬਦਬਾ ਰਿਹਾ। ਕਰੀਬ 70 ਸਾਲਾਂ ਬਾਅਦ 2008 ਵਿੱਚ ਅਖ਼ਬਾਰ ਨੂੰ ਘਾਟੇ ਕਾਰਨ ਬੰਦ ਕਰਨਾ ਪਿਆ, ਜਦੋਂ ਕਾਂਗਰਸ ਨੇ ਪਾਰਟੀ ਫੰਡਾਂ ਵਿੱਚੋਂ ਏਜੇਐਲ ਨੂੰ ਬਿਨਾਂ ਵਿਆਜ ਤੋਂ 90 ਕਰੋੜ ਰੁਪਏ ਦਾ ਕਰਜ਼ਾ ਦਿੱਤਾ। ਫਿਰ ਸੋਨੀਆ ਗਾਂਧੀ ਅਤੇ ਰਾਹੁਲ ਨੇ ‘ਯੰਗ ਇੰਡੀਅਨ’ ਨਾਂ ਦੀ ਨਵੀਂ ਕੰਪਨੀ ਬਣਾਈ। ਐਸੋਸੀਏਟਿਡ ਜਰਨਲਜ਼ ਨੂੰ ਦਿੱਤੇ ਕਰਜ਼ੇ ਦੇ ਬਦਲੇ ਯੰਗ ਇੰਡੀਅਨ ਨੂੰ ਕੰਪਨੀ ਵਿੱਚ 99 ਫੀਸਦੀ ਹਿੱਸੇਦਾਰੀ ਮਿਲੀ। ਯੰਗ ਇੰਡੀਅਨ ਕੰਪਨੀ ਵਿਚ ਸੋਨੀਆ ਅਤੇ ਰਾਹੁਲ ਗਾਂਧੀ ਦੀ 38-38 ਫੀਸਦੀ ਹਿੱਸੇਦਾਰੀ ਹੈ, ਜਦਕਿ ਬਾਕੀ ਮੋਤੀ ਲਾਲ ਬੋਰਾ ਅਤੇ ਆਸਕਰ ਫਰਨਾਂਡੀਜ਼ ਕੋਲ ਹੈ।