ਰਜਿ: ਨੰ: PB/JL-124/2018-20
RNI Regd No. 23/1979

ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੂੰਹ ਸੱਸ ਸਮੇਤ ਤਿੰਨ ਔਰਤਾਂ ਨੂੰ ਜ਼ਖ਼ਮੀ ਕਰਕੇ, ਸੋਨੇ ਦੇ ਗਹਿਣੇ ਤੇ ਮੋਬਾਇਲ ਲੁੱਟਕੇ ਫਰਾਰ ਹੋਣ ਵਾਲੇ ਨਕਾਬ ਪੋਸ਼ਾ ਖ਼ਿਲਾਫ਼ ਮੁਕੱਦਮਾ ਦਰਜ
 
BY admin / August 04, 2022
ਭੁੱਲਥ, 4 ਅਗਸਤ, (ਅਜ਼ਾਦ ਸਿੱਧੂ)- ਇੱਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਜੋਗਿੰਦਰ ਨਗਰ ਦੇ ਘਰ ’ਚ ਵੜਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੂੰਹ ਸੱਸ ਸਮੇਤ ਤਿੰਨ ਔਰਤਾਂ ਨੂੰ ਜ਼ਖ਼ਮੀ ਕਰਕੇ, ਘਰ ’ਚੋ ਸੋਨੇ ਦੇ ਗਹਿਣੇ ਤੇ ਮੋਬਾਇਲ ਲੁੱਟ ਕੇ ਫਰਾਰ ਹੋਣ ਵਾਲੇ 6 ਨਕਾਬਪੋਸ਼ਾਂ ਖ਼ਿਲਾਫ਼ ਥਾਣਾ ਭੁੱਲਥ ’ਚ ਮੁਕੱਦਮਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਲਾਸ਼ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਜੋਗਿੰਦਰ ਨਗਰ ਨੇ ਦੱਸਿਆ ਕਿ ਉਸਦਾ ਪਤੀ ਚਰਨਜੀਤ ਸਿੰਘ ਜੋ ਕਿ ਇਟਲੀ ਗਿਆ ਹੋਇਆ ਹੈ। ਘਰ ’ਚ ਉਹ ਆਪ ਤੇ ਉਸਦੀ ਸੱਸ ਪਿਆਰ ਕੌਰ ਇੱਕਲੀਆਂ ਰਹਿੰਦੀਆਂ ਹਨ। ਉਸਦੀ ਭੈਣ ਚਰਨਜੀਤ ਕੌਰ ਪਤਨੀ ਲੇਟ ਬਲਵਿੰਦਰ ਵਾਸੀ ਪਿੰਡ ਰਾਏਪੁਰ ਅਰਾਈਆਂ ਕਰੀਬ 18 ਦਿਨ ਪਹਿਲਾਂ ਉਸਨੂੰ ਮਿਲਣ ਲਈ ਆਈ ਹੋਈ ਸੀ। ਇੱਕ ਅਗਸਤ ਨੂੰ ਉਹ ਤਿੰਨੇ ਘਰ ਦੇ ਬਰਾਂਡੇ ’ਚ ਗਰਿੱਲ ਨੂੰ ਅੰਦਰੋਂ ਕੁੰਡਾ ਮਾਲਕੇ ਸੁੱਤੀਆਂ ਹੋਈਆਂ ਸਨ ਕਿ ਲੱਗਭੱਗ ਰਾਤ ਦੇ 1 ਤੋਂ 2 ਵਜੇ ਦੇ ਦਰਿਮਆਨ ਸਾਨੂੰ ਖੜਕੇ ਦੀ ਅਵਾਜ ਸੁਣੀ ਅਸੀਂ ਇੱਕਦਮ ਉਠਕੇ ਦੇਖਿਆ ਕਿ ਲੱਗਭਗ 6-7 ਅਣਪਛਾ ਤੇ ਵਿਅਕਤੀ ਜਿਹਨਾਂ ਦੇ ਮੂੰਹ ਬੱਧੇ ਹੋਏ ਸਨ ਤੇ ਉਹਨਾਂ ਦੇ ਹੱਥਾਂ ’ਚ ਦਾਤਰ, ਕਿਰਪਾਨਾਂ ਤੇ ਸੋਟੇ ਫੜੇ ਪਏ ਸਨ। ਘਰ ’ਚ ਕੰਧ ਟੱਪਕੇ ਦਾਖਲ ਹੋਏ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਕਮਰਿਆਂ ’ਚ ਵੜਕੇ ਫੋਲਾ ਫਾਲੀ ਸ਼ੁਰੂ ਕਰ ਦਿੱਤੀ। ਲੁਟੇਰਿਆਂ ਵੱਲੋਂ ਉਸਦੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲੀਆਂ ਤੇ ਗਲੇ ’ਚ ਪਾਈ ਸੋਨੇ ਦੀ ਚੇਨ ਲੁਹਾ ਲਈਆਂ। ਫਿਰ ਮੇਰੀ ਭੈਣ ਚਰਨਜੀਤ ਕੌਰ ਦੇ ਗਲ ’ਚ ਪਾਈ ਚਾਂਦੀ ਦੀ ਚੇਨ ਵੀ ਲੁਹਾ ਲਈ। ਨਕਾਬਪੋਸ਼ਾ ਵੱਲੋਂ ਸਾਨੂੰ ਧਮਕਾ ਕੇ ਕਿਹਾ ਕਿ ਘਰ ’ਚ ਜੋ ਕੁਝ ਵੀ ਕੀਮਤੀ ਸਮਾਨ ਹੈ। ਕੱਢ ਦਿਉ, ਇਸ ਦੌਰਾਨ ਇਹਨਾ ਨਕਾਬਪੋਸ਼ਾਂ ਵੱਲੋਂ ਸਾਡੇ ਤੇ ਤੇਜਧਾਰ ਹਥਿਆਰਾਂ ਤੇ ਡੰਡਿਆਂ, ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸਦੇ ਮੱਥੇ ਤੇ ਹੱਥਾਂ ’ਤੇ ਸੱਟਾ ਲੱਗੀਆਂ। ਉਸਦੀ ਸੱਸ ਪਿਆਰ ਕੌਰ ਤੇ ਭੈਣ ਚਰਨਜੀਤ ਕੌਰ ਜ਼ਖ਼ਮੀ ਹੋ ਗਈਆਂ। ਇਸ ਲੁੱਟ ਖੋਹ ਤੇ ਘਰ ’ਚ ਦਾਖਲ ਹੋ ਕੇ ਨਕਾਬਪੋਸ਼ਾਂ ਵੱਲੋਂ ਜ਼ਖ਼ਮੀ ਕਰਨ ਤੇ ਲੁੱਟ ਖੋਹ ਕਰਕੇ ਫਰਾਰ ਹੋਣ ਵਾਲੇ ਨਕਾਬਪੋਸ਼ਾਂ ਖਿਲਾਫ਼ ਥਾਣਾ ਭੁੱਲਥ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਥਾਣਾ ਮੁੱਖੀ ਐੱਸ.ਐੱਚ.ਓ. ਸੋਨਮਦੀਪ ਕੌਰ ਵੱਲੋਂ ਕਿਹਾ ਗਿਆ ਕਿ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਜਲਦ ਗਿ੍ਰਫਤਾਰ ਕਰਕੇ ਬਣਦੀ ਕਾਰਵਾਈ ਅਮਲ ’ਚ ਲਿਆਦੀ ਜਾਵੇਗੀ।