ਰਜਿ: ਨੰ: PB/JL-124/2018-20
RNI Regd No. 23/1979

ਸਰਕਾਰ ਤੋਂ ਦੁਖੀ ਹੋ ਕੇ ਪਿੰਡ ਛਾਜਲੀ ਦੇ ਮੌਜੂਦਾ ਤਿੰਨ ਪੰਚਾਇਤ ਮੈਂਬਰਾਂ ਸਮੇਤ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕੀਤਾ
 
BY admin / August 04, 2022
ਸੁਨਾਮ ਊਧਮ ਸਿੰਘ ਵਾਲਾ, 04 ਅਗਸਤ (ਮਨਜੀਤ ਕੌਰ ਛਾਜਲੀ) - ਪਿੰਡ ਛਾਜਲੀ ਵਿਖੇ ਸੜਕ ਤੇ ਲੱਗੇ ਲਗਾਤਾਰ ਚੱਲਦੇ ਧਰਨੇ ਦੌਰਾਨ ਵੱਡਾ ਸਿਆਸੀ ਘਟਨਾਕਰਮ ਵਾਪਰ ਗਿਆ। ਜਦੋਂ ਮੌਜੂਦਾ ਤਿੰਨ ਪੰਚਾਇਤ ਮੈਂਬਰਾਂ ਸਮੇਤ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਖ਼ਿਲਾਫ਼ ਪਿੰਡ ਦੀ ਮੁੱਖ ਸੜਕ ਨੂੰ ਲੈ ਕੇ ਸੁਨਾਮ ਲਹਿਰਾ ਰੋਡ ਨੂੰ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੜਕ ਬਣਾਓ ਕਮੇਟੀ ਅਤੇ ਪ੍ਰਸ਼ਾਸਨ ਦੀ ਜਦੋਂ ਗੱਲ ਟੁੱਟ ਗਈ ਤਾਂ ਇਸ ਤੋਂ ਦੁਖੀ ਹੋ ਕੇ ਗਰਾਮ ਪੰਚਾਇਤ ਛਾਜਲੀ ਦੇ ਤਿੰਨ ਮੌਜੂਦਾ ਪੰਚਾਇਤ ਮੈਂਬਰ ਮੁਖਤਿਆਰ ਸਿੰਘ ਸਿੱਧੂ ਪਿਰਤਪਾਲ ਸਿੰਘ ਚੌਹਾਨ, ਬੀਬੀ ਪਰਮਜੀਤ ਕੌਰ ਸਮੇਤ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਿਗੁਰ ਸਿੰਘ ਨੇ ਤੁਰੰਤ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਉਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਹਨ। ਕਿਉਂਕਿ ਇਲਾਕੇ ਦੇ ਲੋਕ ਪਿਛਲੇ ਚਾਰ ਦਿਨਾਂ ਤੋਂ ਸੜਕ ਤੇ ਰੁਲ ਰਹੇ ਹਨ। ਪਰ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨਾਂ ਦੀ ਕੋਈ ਸਾਰ ਨਹੀਂ ਲਈ। ਸਗੋਂ ਸਥਾਨਕ ਅਧਿਕਾਰੀ ਸੜਕ ਬਣਾਓ ਕਮੇਟੀ ਨੂੰ ਵਾਰ - ਵਾਰ ਮੀਟਿੰਗਾਂ ਕਰਕੇ ਜ਼ਲੀਲ ਕਰ ਰਹੇ ਹਨ। ਇਸ ਧਰਨੇ ਦੌਰਾਨ ਸੱਤ ਮੈਬਰਾਂ ਵੱਲੋਂ ਭੁੱਖ ਹੜਤਾਲ ਵੀ ਰੱਖੀ ਗਈ। ਗੱਲ ਇੱਥੇ ਹੀ ਨਹੀਂ ਨਿੱਬੜੀ ਸਗੋਂ ਅੱਗੇ ਲੱਗਣ ਵਾਲੇ ਧਰਨੇ ਦੌਰਾਨ ਲਗਪਗ ਸੱਤ ਵਿਅਕਤੀਆਂ ਵੱਲੋਂ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਸੰਤ ਰਾਮ ਸਿੰਘ ਛਾਜਲੀ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਕਾਮਰੇਡ ਗੋਬਿੰਦ ਸਿੰਘ, ਪੱਤਰਕਾਰ ਕੁਲਦੀਪ ਸ਼ਰਮਾ, ਗੋਬਿੰਦ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਣ ਸਿੰਘ ਚੱਠਾ, ਬਿਕਰਮਜੀਤ ਸਿੰਘ ਵਿੱਕੀ, ਜਸਬੀਰ ਲਾਡੀ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।