ਰਜਿ: ਨੰ: PB/JL-124/2018-20
RNI Regd No. 23/1979

ਅਸਦੁਦੀਨ ਓਵੈਸੀ ਦੇ ਗੜ੍ਹ ’ਚ ਨਗਰ ਨਿਗਮ ਨੇ ਢਾਹੀ ਮਸਜਿਦ, ਵਿਰੋਧ ਪ੍ਰਦਰਸ਼ਨ ਸ਼ੁਰੂ
 
BY admin / August 04, 2022
ਹੈਦਰਾਬਾਦ, 4 ਅਗਸਤ, (ਯੂ.ਐਨ.ਆਈ.)- ਅਸਦੁਦੀਨ ਓਵੈਸੀ ਦੇ ਗੜ੍ਹ ਹੈਦਰਾਬਾਦ ਵਿਚ ਮੰਗਲਵਾਰ ਨੂੰ ਨਗਰ ਨਿਗਮ ਨੇ ਇਕ ਮਸਜਿਦ ਨੂੰ ਢਾਹ ਦਿੱਤਾ, ਜਿਸ ਕਾਰਨ ਵਿਵਾਦ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਉਥੇ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਹੈਦਰਾਬਾਦ ਸ਼ਹਿਰ ਦੇ ਬਾਹਰਵਾਰ ਸ਼ਮਸ਼ਾਬਾਦ ਵਿੱਚ ਮਿਉਂਸਪਲ ਅਧਿਕਾਰੀਆਂ ਨੇ ਇੱਕ ਮਸਜਿਦ ਨੂੰ ਪੂਰੀ ਤਰ੍ਹਾਂ ਭੰਨ ਦਿੱਤਾ। ਮਸਜਿਦ ਢਾਹੇ ਜਾਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਦਰਅਸਲ ਸ਼ਮਸ਼ਾਬਾਦ ਦੀ ਗ੍ਰੀਨ ਐਵੇਨਿਊ ਕਾਲੋਨੀ ’ਚ ਮੌਜੂਦ ਮਸਜਿਦ-ਏ-ਖਵਾਜਾ ਮਹਿਮੂਦ ਨੂੰ ਨਗਰ ਨਿਗਮ ਨੇ ਮੰਗਲਵਾਰ ਨੂੰ ਭਾਰੀ ਪੁਲਸ ਬਲ ਦੀ ਮੌਜੂਦਗੀ ’ਚ ਢਾਹ ਦਿੱਤਾ। ਨਗਰ ਨਿਗਮ ਨੇ ਦੋਸ਼ ਲਾਇਆ ਸੀ ਕਿ ਇਹ ਮਸਜਿਦ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਸੀ। ਸਥਾਨਕ ਮੁਸਲਿਮ ਆਬਾਦੀ ਹੁਣ ਇਸ ਮਸਜਿਦ ਨੂੰ ਢਾਹੇ ਜਾਣ ਦਾ ਵਿਰੋਧ ਕਰ ਰਹੀ ਹੈ। ਏਆਈਐਮਆਈਐਮ ਅਤੇ ਐਮਟੀਬੀ ਦੇ ਆਗੂ ਇਸ ਮਾਮਲੇ ਵਿੱਚ ਪਿਛਲੇ ਦੋ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਐਮਟੀਬੀ ਨੇਤਾ ਅਮਜਦੁੱਲਾ ਖਾਨ ਦਾ ਕਹਿਣਾ ਹੈ ਕਿ ਮਸਜਿਦ ਦਾ ਨਿਰਮਾਣ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਇੱਥੇ ਸ਼ੁੱਕਰਵਾਰ ਦੀ ਨਮਾਜ਼ ਅਤੇ ਰੋਜ਼ਾਨਾ ਪੰਜ ਵਾਰ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਗਰੀਨ ਐਵੀਨਿਊ ਕਲੋਨੀ ਦੀ 15 ਏਕੜ ਜ਼ਮੀਨ ’ਤੇ ਪਲਾਟ ਅਤੇ ਵਿਕਰੀ ਸ਼ਮਸ਼ਾਬਾਦ ਗ੍ਰਾਮ ਪੰਚਾਇਤ ਦੀ ਮਨਜ਼ੂਰੀ ਤੋਂ ਬਾਅਦ ਹੀ ਕੀਤੀ ਗਈ ਸੀ, ਜਿਸ ਵਿੱਚ 250 ਵਰਗ ਗਜ਼ ਦੇ ਦੋ ਪਲਾਟ ਮਸਜਿਦ ਲਈ ਰੱਖੇ ਗਏ ਸਨ। ਇਸ ਪੂਰੇ ਮਾਮਲੇ ’ਚ ਨਗਰ ਨਿਗਮ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਸ਼ਿਕਾਇਤ ਮਿਲਣ ’ਤੇ ਉਸ ਨੇ ਮਸਜਿਦ ਨੂੰ ਢਾਹ ਦਿੱਤਾ। ਨਗਰ ਨਿਗਮ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਘਰ ਮਸਜਿਦ ਦੇ ਪਿੱਛੇ ਹੈ, ਉਸ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਸ਼ਮਸ਼ਾਬਾਦ ਨਗਰ ਨਿਗਮ ’ਚ ਮਸਜਿਦ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਾਂਚ ਤੋਂ ਬਾਅਦ ਪਤਾ ਲੱਗਾ ਕਿ ਮਸਜਿਦ ਗੈਰ-ਕਾਨੂੰਨੀ ਹੈ, ਇਸ ਲਈ ਇਸ ਨੂੰ ਢਾਹ ਦਿੱਤਾ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਅਸੀਂ ਜੋ ਵੀ ਕੀਤਾ ਹੈ, ਕਾਨੂੰਨ ਤਹਿਤ ਕੀਤਾ ਹੈ। ਹਾਲਾਂਕਿ ਹੁਣ ਏਆਈਐਮਆਈਐਮ ਦੇ ਸਥਾਨਕ ਨੇਤਾ ਇਸ ਪੂਰੇ ਮਾਮਲੇ ’ਤੇ ਆਪਣਾ ਸਖ਼ਤ ਵਿਰੋਧ ਦਰਜ ਕਰਾ ਰਹੇ ਹਨ। ਉਹ ਮੰਗ ਕਰ ਰਹੇ ਹਨ ਕਿ ਮਸਜਿਦ ਨੂੰ ਦੁਬਾਰਾ ਬਣਾਇਆ ਜਾਵੇ ਅਤੇ ਮਸਜਿਦ ਨੂੰ ਤੋੜਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਏਆਈਐਮਆਈਐਮ ਦੇ ਆਗੂ ਇਸ ਮੁੱਦੇ ਨੂੰ ਉਠਾ ਰਹੇ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਸਦੁਦੀਨ ਓਵੈਸੀ ਵੀ ਇਸ ਵਿੱਚ ਸ਼ਾਮਲ ਹੋਣਗੇ।