ਭਾਰਤ-ਅਮਰੀਕਾ ਸਾਂਝੇ ਤੌਰ ’ਤੇ ਕੰਟਰੋਲ ਲਾਈਨ ਉੱਪਰ ਕਰਨਗੇ ਅਭਿਆਸ
ਨਵੀਂ ਦਿੱਲੀ, 4 ਅਗਸਤ, (ਯੂ.ਐਨ.ਆਈ.)- ਤਾਇਵਾਨ ਮੁੱਦੇ ’ਤੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਦੂਜੇ ਪਾਸੇ ਚੀਨ ਭਾਰਤ ਦੀ ਸਰਹੱਦ ’ਤੇ ਲਗਾਤਾਰ ਕਾਰਵਾਈ ਕਰ ਰਿਹਾ ਹੈ। ਅਜਿਹੇ ’ਚ ਚੀਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਚੀਨ ਦੀ ਸਰਹੱਦ ਨੇੜੇ ਮਿਲ ਕੇ ਅਭਿਆਸ ਕਰਨਗੀਆਂ। ਰੱਖਿਆ ਵਿਭਾਗ ਦੇ ਸੂਤਰਾਂ ਮੁਤਾਬਕ ਦੋਵਾਂ ਫੌਜਾਂ ਵਿਚਾਲੇ ਅਭਿਆਸ ਦਾ ਮਕਸਦ ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਦੀ ਸਮਝ, ਸਹਿਯੋਗ ਅਤੇ ਆਪਸੀ ਤਾਲਮੇਲ ਨੂੰ ਵਧਾਉਣਾ ਹੈ। ਹਾਲਾਂਕਿ ਇਸ ਦਾ ਕੂਟਨੀਤਕ ਸੰਦੇਸ਼ ਚੀਨ ਤੱਕ ਵੀ ਜਾਵੇਗਾ। ਭਾਰਤ ਅਤੇ ਅਮਰੀਕਾ ਦੇ ਸਾਂਝੇ ਫੌਜੀ ਅਭਿਆਸ ਨਾਲ ਚੀਨ ਦਾ ਤਣਾਅ ਵਧੇਗਾ। ਭਾਰਤ ਅਤੇ ਅਮਰੀਕਾ ਦੀਆਂ ਫ਼ੌਜਾਂ ਅਕਤੂਬਰ ਵਿੱਚ ਭਾਰਤ-ਚੀਨ ਸਰਹੱਦ ਐਲ.ਏ.ਸੀ ’ਤੇ ਇਕੱਠੇ ਅਭਿਆਸ ਕਰਨਗੀਆਂ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਅਕਤੂਬਰ ਮਹੀਨੇ ਉੱਤਰਾਖੰਡ ਦੇ ਔਲੀ ਵਿੱਚ ਇਹ ਅਭਿਆਸ ਕਰੇਗੀ। ਇਹ ਦੋਵੇਂ ਫੌਜਾਂ ਵਿਚਾਲੇ ਫੌਜੀ ਅਭਿਆਸ ਦਾ 18ਵਾਂ ਸੰਸਕਰਨ ਹੋਵੇਗਾ। ਇਹ ਅਭਿਆਸ ਇੱਕ ਸਾਲ ਭਾਰਤ ਵਿੱਚ ਅਤੇ ਇੱਕ ਸਾਲ ਅਮਰੀਕਾ ਵਿੱਚ ਹੁੰਦਾ ਹੈ। ਪਿਛਲੀ ਵਾਰ ਇਹ ਅਭਿਆਸ ਅਮਰੀਕਾ ਦੇ ਅਲਾਸਕਾ ਵਿੱਚ ਕੀਤਾ ਗਿਆ ਸੀ। ਇਸ ਲਈ ਇਸ ਵਾਰ ਇਹ ਅਭਿਆਸ ਭਾਰਤ ਵਿੱਚ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਰੱਖਿਆ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਅਭਿਆਸ 14 ਤੋਂ 21 ਅਕਤੂਬਰ ਤੱਕ ਚੱਲੇਗਾ। ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਬੰਧ ਪਿਛਲੇ ਕਈ ਸਾਲਾਂ ਤੋਂ ਮਜ਼ਬੂਤ ਰਹੇ ਹਨ। ਜੂਨ 2016 ਵਿੱਚ, ਅਮਰੀਕਾ ਨੇ ਭਾਰਤ ਨੂੰ ਆਪਣਾ ’ਮੁੱਖ ਰੱਖਿਆ ਭਾਈਵਾਲ’ ਵਜੋਂ ਨਾਮਜ਼ਦ ਕੀਤਾ ਸੀ। ਦੋਵਾਂ ਦੇਸ਼ਾਂ ਨੇ ਸਾਲਾਂ ਦੌਰਾਨ ਮਹੱਤਵਪੂਰਨ ਰੱਖਿਆ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ। ਇਨ੍ਹਾਂ ਵਿੱਚ 2016 ਵਿੱਚ ਲੌਜਿਸਟਿਕ ਐਕਸਚੇਂਜ ਮੈਮੋਰੈਂਡਮ ਆਫ ਐਗਰੀਮੈਂਟ ਸ਼ਾਮਲ ਹੈ। ਇਸ ਦੇ ਤਹਿਤ ਫੌਜਾਂ ਨੂੰ ਹਥਿਆਰਾਂ ਦੀ ਸਪਲਾਈ ਵਿੱਚ ਮਦਦ ਕਰਨ ਅਤੇ ਫਿਰ ਸਪਲਾਈ ਲਈ ਇੱਕ ਦੂਜੇ ਦੇ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਭਾਰਤ ਵੀ ਅਮਰੀਕਾ ਤੋਂ ਉੱਚ ਤਕਨੀਕ ਦਾ ਫਾਇਦਾ ਉਠਾਉਂਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਵੀ ਆਪਸੀ ਤਾਲਮੇਲ ਰਾਹੀਂ ਹੁੰਦਾ ਹੈ। ਅਮਰੀਕਾ ਭਾਰਤ ਨੂੰ ਵੱਡੀ ਮਾਤਰਾ ਵਿੱਚ ਹਥਿਆਰ ਵੀ ਸਪਲਾਈ ਕਰਦਾ ਹੈ। ਹਾਲ ਹੀ ਦੇ ਦਿਨਾਂ ’ਚ ਤਾਇਵਾਨ ਦੇ ਮੁੱਦੇ ’ਤੇ ਅਮਰੀਕਾ ਅਤੇ ਚੀਨ ਦੋਵੇਂ ਆਹਮੋ-ਸਾਹਮਣੇ ਆ ਗਏ ਹਨ। ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਹਾਲ ਹੀ ਵਿੱਚ ਤਾਈਵਾਨ ਦੀ ਰਾਜਧਾਨੀ ਤਾਈਪੇ ਪਹੁੰਚੀ। ਇਸ ਨਾਲ ਚੀਨ ਡਰ ਗਿਆ। ਚੀਨ ਨੇ ਨੈਨਸੀ ਪੇਲੋਸੀ ਦੀ ਇਸ ਫੇਰੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੇ ਲਈ ਉਸ ਨੇ ਕਈ ਧਮਕੀਆਂ ਵੀ ਦਿੱਤੀਆਂ ਪਰ ਅਮਰੀਕਾ ਆਪਣੀ ਗੱਲ ’ਤੇ ਕਾਇਮ ਰਿਹਾ ਅਤੇ ਆਖਰਕਾਰ ਉਸ ਨੇ ਨੈਨਸੀ ਪੇਲੋਸੀ ਨੂੰ ਤਾਈਵਾਨ ਦੀ ਧਰਤੀ ’ਤੇ ਸੁਰੱਖਿਅਤ ਉਤਾਰ ਦਿੱਤਾ। ਹਾਲਾਂਕਿ ਅਮਰੀਕੀ ਨੇ ਚੀਨੀ ਧਮਕੀਆਂ ਨੂੰ ਹਲਕੇ ’ਚ ਨਹੀਂ ਲਿਆ ਪਰ ਉਸ ਨੇ ਨੈਨਸੀ ਪੇਲੋਸੀ ਦੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ। ਨੈਨਸੀ ਪੇਲੋਸੀ ਦੇ ਜਹਾਜ਼ ਨੂੰ ਅਮਰੀਕੀ ਜਲ ਸੈਨਾ ਅਤੇ ਹਵਾਈ ਸੈਨਾ ਦੇ 24 ਐਡਵਾਂਸ ਲੜਾਕੂ ਜਹਾਜ਼ਾਂ ਨੇ ਹਰ ਪਾਸੇ ਸੁਰੱਖਿਅਤ ਰੱਖਿਆ, ਤਾਂ ਜੋ ਜੇਕਰ ਚੀਨ ਵੱਲੋਂ ਕੋਈ ਹਰਕਤ ਹੁੰਦੀ ਹੈ ਤਾਂ ਉਸ ਦਾ ਢੁੱਕਵਾਂ ਜਵਾਬ ਦਿੱਤਾ ਜਾ ਸਕੇ। ਚੀਨ ਨੈਨਸੀ ਪੇਲੋਸੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਿਆ, ਪਰ ਉਸ ਨੇ ਤਾਈਵਾਨ ਨੂੰ ਹਰ ਪਾਸਿਓਂ ਸੁਰੱਖਿਆ ਹੇਠ ਲਿਆ। ਤਾਈਵਾਨ ਤੋਂ 9 ਮੀਲ ਦੂਰ ਚੀਨੀ ਫੌਜ ਅਭਿਆਸ ਵਿੱਚ ਸ਼ਾਮਲ ਹੋ ਗਈ।