ਰਜਿ: ਨੰ: PB/JL-124/2018-20
RNI Regd No. 23/1979

ਕੁਲਦੀਪ ਬਿਸ਼ਨੋਈ ਭਾਜਪਾ ਵਿਚ ਸ਼ਾਮਿਲ
 
BY admin / August 04, 2022
ਚੰਡੀਗੜ੍ਹ, 4 ਅਗਸਤ, (ਰਾਜ ਕੁਮਾਰ ਵਰਮਾ)- ਕੁਲਦੀਪ ਬਿਸ਼ਨੋਈ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ । ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਬਿਸ਼ਨੋਈ ਨੇ ਕੱਲ੍ਹ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਬਿਸ਼ਨੋਈ ਦੀ ਪਤਨੀ ਅਤੇ ਸਾਬਕਾ ਵਿਧਾਇਕ ਰੇਣੂਕਾ ਬਿਸ਼ਨੋਈ ਵੀ ਭਾਜਪਾ ’ਚ ਸ਼ਾਮਲ ਹੋ ਗਈ ਹੈ। ਉਹ ਚੰਡੀਗੜ੍ਹ ਸਥਿਤ ਭਾਜਪਾ ਹੈੱਡਕੁਆਰਟਰ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪਾਰਟੀ ਦੇ ਜਨਰਲ ਸਕੱਤਰ ਅਰੁਣ ਸਿੰਘ, ਰਾਜ ਸਭਾ ਮੈਂਬਰ ਅਨਿਲ ਬਲੂਨੀ ਅਤੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਸੀਐਮ ਖੱਟਰ ਨੇ ਬਿਸ਼ਨੋਈ ਜੋੜੇ ਦਾ ਭਾਜਪਾ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਹ ਕੁਲਦੀਪ ਬਿਸ਼ਨੋਈ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੇ ਰਾਜ ਸਭਾ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬਿਸ਼ਨੋਈ ਬਿਨਾਂ ਕਿਸੇ ਸ਼ਰਤ ਦੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਗੌਰਤਲਬ ਹੈ ਕਿ ਬਿਸ਼ਨੋਈ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਨਾਰਾਜ਼ ਸਨ। ਇਸ ਸਾਲ ਦੇ ਸ਼ੁਰੂ ਵਿਚ ਉਨ੍ਹਾਂ ਨੂੰ ਕਾਂਗਰਸ ਦੀ ਹਰਿਆਣਾ ਇਕਾਈ ਦਾ ਪ੍ਰਧਾਨ ਨਾ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਬਾਗੀ ਰੁਖ਼ ਅਖਤਿਆਰ ਕਰ ਲਿਆ ਸੀ। ਇਸ ਤੋਂ ਬਾਅਦ ਜੂਨ ’ਚ ਹੋਈਆਂ ਰਾਜ ਸਭਾ ਚੋਣਾਂ ’ਚ ’ਕਰਾਸ ਵੋਟਿੰਗ’ ਕਾਰਨ ਕਾਂਗਰਸ ਨੇ ਬਿਸ਼ਨੋਈ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਸੀਟ ਤੋਂ ਵਿਧਾਇਕ ਬਿਸ਼ਨੋਈ (53) ਨੇ ਬੁੱਧਵਾਰ ਨੂੰ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਭਜਨ ਲਾਲ ਦੇ ਛੋਟੇ ਪੁੱਤਰ ਕੁਲਦੀਪ ਬਿਸ਼ਨੋਈ ਨੇ ਦੂਜੀ ਵਾਰ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਹੈ। ਉਹ ਕਰੀਬ ਛੇ ਸਾਲ ਪਹਿਲਾਂ ਪਾਰਟੀ ਨਾਲੋਂ ਵੱਖ ਹੋ ਕੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਬਿਸ਼ਨੋਈ ਅਤੇ ਉਸਦੇ ਪਿਤਾ ਭਜਨ ਲਾਲ ਨੇ 2007 ਵਿੱਚ ਹਰਿਆਣਾ ਜਨਹਿਤ ਕਾਂਗਰਸ ਦਾ ਗਠਨ ਕੀਤਾ ਸੀ ਜਦੋਂ 2005 ਵਿੱਚ ਰਾਜ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਭੁਪਿੰਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਹਰਿਆਣਾ ਜਨਹਿਤ ਕਾਂਗਰਸ ਨੇ ਬਾਅਦ ਵਿੱਚ ਭਾਜਪਾ ਅਤੇ ਦੋ ਹੋਰ ਪਾਰਟੀਆਂ ਨਾਲ ਗਠਜੋੜ ਕੀਤਾ ਅਤੇ 2014 ਦੀਆਂ ਲੋਕ ਸਭਾ ਚੋਣਾਂ ਹਰਿਆਣਾ ਵਿੱਚ ਮਿਲ ਕੇ ਲੜੀਆਂ। ਹਾਲਾਂਕਿ ਇਹ ਗਠਜੋੜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟ ਗਿਆ ਸੀ।