ਰਜਿ: ਨੰ: PB/JL-124/2018-20
RNI Regd No. 23/1979

ਮਹਾਰਾਸ਼ਟਰ ’ਚ 18 ਮੰਤਰੀਆਂ ਨੇ ਚੁੱਕੀ ਸਹੁੰ, ਭਾਜਪਾ ਤੇ ਸ਼ਿੰਦੇ ਧੜੇ ’ਚ 50-50 ਦਾ ਫਾਰਮੂਲਾ ਲਾਗੂ
 
BY admin / August 09, 2022
ਮੁੰਬਈ, 9 ਅਗਸਤ, (ਯੂ.ਐਨ.ਆਈ.)- ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ 41 ਦਿਨਾਂ ਬਾਅਦ ਏਕਨਾਥ ਸ਼ਿੰਦੇ ਨੇ ਮੰਗਲਵਾਰ ਨੂੰ ਆਪਣੇ ਦੋ ਮੈਂਬਰੀ ਮੰਤਰੀ ਮੰਡਲ ਦਾ ਵਿਸਥਾਰ ਕੀਤਾ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਸਮੇਤ 18 ਵਿਧਾਇਕਾਂ ਨੇ ਦੱਖਣੀ ਮੁੰਬਈ ਦੇ ਰਾਜ ਭਵਨ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਮੰਤਰੀ ਮੰਡਲ ਵਿੱਚ ਕਿਸੇ ਵੀ ਔਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਨਾਲ ਮਹਾਰਾਸ਼ਟਰ ਦੇ ਮੰਤਰੀ ਮੰਡਲ ਵਿਚ ਮੈਂਬਰਾਂ ਦੀ ਗਿਣਤੀ ਹੁਣ 20 ਹੋ ਗਈ ਹੈ, ਜੋ 43 ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਦੇ ਅੱਧੇ ਤੋਂ ਵੀ ਘੱਟ ਹੈ। ਸ਼ਿੰਦੇ ਨੇ 30 ਜੂਨ ਨੂੰ ਮੁੱਖ ਮੰਤਰੀ ਅਤੇ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਰਾਜਪਾਲ ਬੀਐਸ ਕੋਸ਼ਿਆਰੀ ਨੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਪ੍ਰੋਗਰਾਮ ਸਵੇਰੇ 11 ਵਜੇ ਸ਼ੁਰੂ ਹੋਣਾ ਸੀ ਪਰ 15 ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਸਹੁੰ ਚੁੱਕਣ ਵਾਲੇ ਮੰਤਰੀਆਂ ਵਿੱਚ ਸ਼ਿੰਦੇ ਧੜੇ ਅਤੇ ਭਾਜਪਾ ਦੇ 9-9 ਮੈਂਬਰ ਸ਼ਾਮਲ ਹਨ। ਭਾਜਪਾ ਵੱਲੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਮੈਂਬਰਾਂ ਵਿੱਚ ਰਾਧਾਕਿ੍ਰਸ਼ਨ ਵਿੱਖੇ ਪਾਟਿਲ, ਸੁਧੀਰ ਮੁਨਗੰਟੀਵਾਰ, ਚੰਦਰਕਾਂਤ ਪਾਟਿਲ, ਵਿਜੇ ਕੁਮਾਰ ਗਾਵਿਤ, ਗਿਰੀਸ਼ ਮਹਾਜਨ, ਸੁਰੇਸ਼ ਖਾੜੇ, ਰਵਿੰਦਰ ਚਵਾਨ, ਅਤੁਲ ਸੇਵ ਅਤੇ ਮੰਗਲਪ੍ਰਭਾਤ ਲੋਢਾ ਸ਼ਾਮਲ ਹਨ। ਗੁਲਾਬਰਾਓ ਪਾਟਿਲ, ਦਾਦਾ ਭੂਸੇ, ਸੰਜੇ ਰਾਠੌੜ, ਸੰਦੀਪ ਭੂਮਰੇ, ਉਦੈ ਸਾਮੰਤ, ਤਾਨਾਜੀ ਸਾਵੰਤ, ਅਬਦੁਲ ਸੱਤਾਰ, ਦੀਪਕ ਕੇਸਰਕਰ ਅਤੇ ਸ਼ੰਭੂਰਾਜ ਦੇਸਾਈ ਸ਼ਿੰਦੇ ਧੜੇ ਤੋਂ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਮੈਂਬਰਾਂ ਵਿੱਚ ਸ਼ਾਮਲ ਹਨ। ਸ਼ਿੰਦੇ ਦੇ ਇਕ ਸਹਿਯੋਗੀ ਨੇ ਕਿਹਾ ਕਿ ਅੱਜ ਕਿਸੇ ਵੀ ਰਾਜ ਮੰਤਰੀ ਨੇ ਸਹੁੰ ਨਹੀਂ ਚੁੱਕੀ। ਬਾਅਦ ਵਿੱਚ ਮੰਤਰੀ ਮੰਡਲ ਦਾ ਮੁੜ ਵਿਸਤਾਰ ਕੀਤਾ ਜਾਵੇਗਾ। ਭਾਜਪਾ ਨੇ ਲੋਢਾ ਨੂੰ ਮੁੰਬਈ ਤੋਂ ਸ਼ਾਮਲ ਕੀਤਾ ਹੈ ਜਦਕਿ ਸ਼ਿੰਦੇ ਧੜੇ ਨੇ ਉਥੋਂ ਦੇ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ। ਮੁੰਬਈ ਨਗਰ ਨਿਗਮ ਦੀਆਂ ਚੋਣਾਂ ਇਸ ਸਾਲ ਹੋਣੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸਾਰੇ ਨੇਤਾਵਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮੰਤਰੀ ਮੰਡਲ ਵਿੱਚ ਪ੍ਰਸ਼ਾਸਨਿਕ ਤਜ਼ਰਬੇ ਅਤੇ ਚੰਗਾ ਸ਼ਾਸਨ ਪ੍ਰਦਾਨ ਕਰਨ ਦੇ ਜੋਸ਼ ਦਾ ਸ਼ਾਨਦਾਰ ਸੁਮੇਲ ਹੈ। ਇਕ ਟਵੀਟ ’ਚ ਮੋਦੀ ਨੇ ਕਿਹਾ, ’’ਅੱਜ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸਾਰੇ ਨੇਤਾਵਾਂ ਨੂੰ ਵਧਾਈ। ਟੀਮ ਕੋਲ ਪ੍ਰਸ਼ਾਸਨਿਕ ਤਜ਼ਰਬੇ ਅਤੇ ਚੰਗੇ ਸ਼ਾਸਨ ਪ੍ਰਦਾਨ ਕਰਨ ਦੇ ਜੋਸ਼ ਦਾ ਸ਼ਾਨਦਾਰ ਸੁਮੇਲ ਹੈ। ਮਹਾਰਾਸ਼ਟਰ ਦੇ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।