ਰਜਿ: ਨੰ: PB/JL-124/2018-20
RNI Regd No. 23/1979

ਪਹਿਲੀ ਸਤੰਬਰ ਤੋਂ ਏਅਰਲਾਈਨਾਂ ਆਪਣੇ ਹਿਸਾਬ ਨਾਲ ਤੈਅ ਕਰ ਸਕਣਗੀਆਂ ਕਿਰਾਇਆ
 
BY admin / August 11, 2022
ਨਵੀਂ ਦਿੱਲੀ, 11 ਅਗਸਤ (ਯੂ. ਐਨ. ਆਈ.)-ਸਰਕਾਰ ਨੇ ਘਰੇਲੂ ਹਵਾਈ ਕਿਰਾਏ ਦੀ ਘੱਟੋ-ਘੱਟ ਤੇ ਉੱਚਤਮ ਹੱਦ 31 ਅਗਸਤ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਪਹਿਲੀ ਸਤੰਬਰ ਤੋਂ ਏਅਰਲਾਈਨਾਂ ਆਪਣੇ ਹਿਸਾਬ ਨਾਲ ਕਿਰਾਇਆ ਤੈਅ ਕਰ ਸਕਣਗੀਆਂ। ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਕਰੀਬ 27 ਮਹੀਨੇ ਪਹਿਲਾਂ ਹਵਾਈ ਯਾਤਰਾ ਦੇ ਕਿਰਾਏ ਦੀ ਇਹ ਹੱਦ ਤੈਅ ਕੀਤੀ ਸੀ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ, ‘ਏਅਰ ਟਰਬਾਈਨ ਫਿਊਲ (ਏਟੀਐੱਫ) ਦੀ ਰੋਜ਼ਾਨਾ ਮੰਗ ਤੇ ਕੀਮਤਾਂ ਦਾ ਸਾਵਧਾਨੀ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਹਵਾਈ ਕਿਰਾਏ ਦੀ ਹੱਦ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।’ ਰੂਸ ਤੇ ਯੂਕਰੇਨ ਦਰਮਿਆਨ ਫਰਵਰੀ ’ਚ ਸ਼ੁਰੂ ਹੋਈ ਜੰਗ ਤੋਂ ਬਾਅਦ ਏਟੀਐੱਫ ਦੀ ਕੀਮਤ ਰਿਕਾਰਡ ਉਚਾਈ ’ਤੇ ਪੁੱਜ ਗਈ ਸੀ ਜਿਸ ’ਚ ਪਿਛਲੇ ਕੁਝ ਹਫ਼ਤਿਆਂ ਤੋਂ ਗਿਰਾਵਟ ਆ ਰਹੀ ਹੈ। ਇਕ ਅਗਸਤ ਨੂੰ ਦਿੱਲੀ ’ਚ ਇਕ ਕਿਲੋਲੀਟਰ (ਇਕ ਹਜ਼ਾਰ ਲੀਟਰ) ਏਟੀਐੱਫ ਦੀ ਕੀਮਤ 1.21 ਲੱਖ ਰੁਪਏ ਸੀ ਜਿਹਡੀ ਪਿਛਲੇ ਮਹੀਨੇ ਨਾਲੋਂ 14 ਫ਼ੀਸਦੀ ਘੱਟ ਹੈ। ਕੋਰੋਨਾ ਇਨਫੈਕਸ਼ਨ ਕਾਰਨ ਦੋ ਮਹੀਨੇ ਦੇ ਲੱਗੇ ਲਾਕਡਾਊਨ ਤੋਂ ਬਾਅਦ 25 ਮਈ, 2020 ਨੂੰ ਜਦੋਂ ਘਰੇਲੂ ਉਡਾਣਾਂ ਸ਼ੁਰੂ ਹੋਈਆਂ ਸਨ, ਉਦੋਂ ਸਰਕਾਰ ਨੇ ਉਡਾਣ ਦੇ ਸਮੇਂ ਦੇ ਆਧਾਰ ’ਤੇ ਘੱਟੋ-ਘੱਟ ਤੇ ਉੱਚਤਮ ਕਿਰਾਏ ਦੀ ਹੱਦ ਤੈਅ ਕਰ ਦਿੱਤੀ ਸੀ। ਉਡਾਣ ਦੇ ਸਮੇਂ ਨੂੰ ਅੱਧੇ ਘੰਟੇ ਤੋਂ ਲੈ ਕੇ ਤਿੰਨ ਘੰਟਿਆਂ ਦਰਮਿਆਨ ਅੱਧੇ-ਅੱਧੇ ਘੰਟੇ ਦੇ ਆਧਾਰ ’ਤੇ ਸੱਤ ਹਿੱਸਿਆਂ ’ਚ ਵੰਡਿਆ ਗਿਆ ਸੀ। ਇਸ ਨੂੰ ਇੰਜ ਸਮਝਿਆ ਜਾ ਸਕਦਾ ਹੈ ਕਿ ਇਸ ਸਮੇਂ ਕੋਈ ਵੀ ਏਅਰਲਾਈਨ 40 ਮਿੰਟ ਦੀ ਉਡਾਣ ਲਈ ਕਿਸੇ ਵੀ ਸਥਿਤੀ ’ਚ 2900 ਰੁਪਏ ਤੋਂ ਘੱਟ ਅਤੇ 8800 ਰੁਪਏ ਤੋਂ ਜ਼ਿਆਦਾ ਕਿਰਾਇਆ ਨਹੀਂ ਲੈ ਸਕਦੀ। ਇਸ ’ਚ ਜੀਐੱਸਟੀ ਸ਼ਾਮਲ ਨਹੀਂ ਹੈ। ਘੱਟੋ-ਘੱਟ ਹੱਦ ਕਮਜ਼ੋਰ ਆਰਥਿਕ ਹਾਲਤ ਵਾਲੀਆਂ ਏਅਰਲਾਈਨਜ਼ ਦੀ ਸੁਰੱਖਿਆ ਤੇ ਉੱਚਤਮ ਹੱਦ ਯਾਤਰੀਆਂ ਦੇ ਹਿੱਤਾਂ ਦੀ ਰਾਖੀ ਲਈ ਤੈਅ ਕੀਤੀ ਗਈ ਸੀ।