ਰਜਿ: ਨੰ: PB/JL-124/2018-20
RNI Regd No. 23/1979

ਧਰਮ ਤੇ ਦੇਸ਼ ਦੀ ਰੱਖਿਆ ’ਚ ਸਿੱਖਾਂ ਦਾ ਮਹੱਤਵਪੂਰਨ ਯੋਗਦਾਨ-ਕੇਂਦਰੀ ਮੰਤਰੀ ਰੈਡੀ
 
BY admin / August 11, 2022
ਨਵੀਂ ਦਿੱਲੀ, 11 ਅਗਸਤ (ਯੂ. ਐਨ. ਆਈ.)-ਕੇਂਦਰੀ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਧਰਮ ਤੇ ਦੇਸ਼ ਦੀ ਰੱਖਿਆ ’ਚ ਸਿੱਖਾਂ ਦੀ ਵੱਡੀ ਭੂਮਿਕਾ ਹੈ। ਮੁਗਲਾਂ ਦੇ ਸ਼ਾਸਨ ਵਿਚ ਧਰਮ ਪਰਿਵਰਤਨ ਲਈ ਹਿੰਦੂਆਂ ਅਤੇ ਸਿੱਖਾਂ ਦੀ ਹੱਤਿਆ ਕੀਤੀ ਜਾਂਦੀ ਸੀ। ਸਿੱਖ ਗੁਰੂਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਧਰਮ ਦੀ ਰੱਖਿਆ ਕਰਦੇ ਹੋਏ ਆਪਣਾ ਬਲੀਦਾਨ ਦਿੱਤਾ। ਵਣਜਾਰਾ ਸਮਾਜ ਵੀ ਸਿੱਖਾਂ ਦੇ ਰਾਹ ’ਤੇ ਚੱਲ ਕੇ ਮੁਗਲਾਂ ਦੇ ਅੱਗੇ ਨਹੀਂ ਝੁਕਿਆ। ਸਿੱਖ ਇਤਿਹਾਸ ਵਿਚ ਗੁਰੂ ਤੇਗ ਬਹਾਦਰ ਜੀ ਦੇ ਸੇਵਕ, ਦਾਨਵੀਰ, ਯੋਧਾ ਅਤੇ ਵਿਦਵਾਨ ਲੱਖੀ ਸ਼ਾਹ ਵਣਜਾਰਾ ਦਾ ਨਾਂ ਸਨਮਾਨ ਨਾਲ ਲਿਆ ਜਾਂਦਾ ਹੈ। ਰੈਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਖਿਲ ਭਾਰਤੀ ਵਣਜਾਰਾ ਸਮਾਜ ਦੇ ਸਹਿਯੋਗ ਨਾਲ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਤਾਲਕਟੋਰਾ ਸਟੇਡੀਅਮ ਵਿਚ ਲੱਖੀ ਸ਼ਾਹ ਵਣਜਾਰਾ ਦੀ 444ਵੀਂ ਜਯੰਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੱਖੀ ਸ਼ਾਹ ਦੇ ਅੱਠ ਪੁੱਤਰ, 17 ਪੋਤਰੇ ਅਤੇ 24 ਪਡਪੋਤਰਿਆਂ ਨੇ ਅੰਗਰੇਜ਼ਾਂ ਖ਼ਿਲਾਫ਼ ਲਡਦੇ ਹੋਏ ਬਲੀਦਾਨ ਦਿੱਤਾ ਸੀ। ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਦੇਸ਼ ਦੀ ਅਖੰਡਤਾ ਲਈ ਸੰਘਰਸ਼ ਕਰਨ ਅਤੇ ਆਪਣਾ ਬਲੀਦਾਨ ਦੇਣ ਵਾਲੇ ਸਿੱਖ ਗੁਰੂਆਂ ਤੇ ਹੋਰ ਮਹਾਪੁਰਸ਼ਾਂ ਦੀ ਯਾਦ ਵਿਚ ਪੂਰੇ ਸਾਲ ਇਸ ਤਰ੍ਹਾਂ ਦੇ ਸਮਾਗਮ ਹੋਣਗੇ। ਸਿਹਤ ਠੀਕ ਨਾ ਹੋਣ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ। ਸਮਾਗਮ ਵਿਚ ਬਤੌਰ ਉਨ੍ਹਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਕੇਂਦਰੀ ਜਨਜਾਤੀ ਮਾਮਲਿਆਂ ਦੇ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਮੁਗਲਾਂ ਦੇ ਅੱਤਿਆਚਾਰ ਦਾ ਸਬੂਤ ਹੈ। ਸਿੱਖ ਗੁਰੂਆਂ ਤੇ ਹੋਰਾਂ ਮਹਾਪੁਰਸ਼ਾਂ ਦੇ ਸੰਘਰਸ਼ ਅਤੇ ਉਨ੍ਹਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖਣ ਦੀ ਲੋਡ ਹੈ। ਲੱਖੀ ਸ਼ਾਹ ਨੇ ਆਪਣੇ ਤਿਆਗ ਨਾਲ ਸਾਨੂੰ ਅੱਤਿਆਚਾਰ ਦੇ ਖ਼ਿਲਾਫ਼ ਲਡਨ ਅਤੇ ਮਨੁੱਖਤਾ ਦੀ ਸੇਵਾ ਦੇ ਰਾਹ ’ਤੇ ਚੱਲਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਰਾਮ ਦਾਸ ਅਠਾਵਲੇ, ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ, ਸੰਸਦ ਮੈਂਬਰ ਡਾ. ਉਮੇਸ਼ ਯਾਦਵ ਅਤੇ ਬਾਲਕ ਨਾਥ ਯੋਗੀ, ਅਖਿਲ ਭਾਰਤੀ ਵਣਜਾਰਾ ਸਮਾਜ ਦੇ ਪ੍ਰਧਾਨ ਸ਼ੰਕਰ ਪਵਾਰ ਆਦਿ ਮੌਜੂਦ ਸਨ।