ਰਜਿ: ਨੰ: PB/JL-124/2018-20
RNI Regd No. 23/1979

ਭੋਗਪੁਰ ਦੇ ਗੁਰਦੁਆਰੇ ’ਚ ਬੇਅਦਬੀ ਪ੍ਰਬੰਧਕਾਂ ਨੇ ਨੌਜਵਾਨ ਫੜਿਆ
 
BY admin / August 12, 2022
ਭੋਗਪੁਰ, 12 ਅਗਸਤ (ਗੁਰਮੀਤ ਸਿੰਘ ਹੰਸ, ਜਸਬੀਰ ਸਿੰਘ ਸੈਣੀ)-ਪੰਜਾਬ ਦੇ ਜ?ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਦੇ ਮੁੱਖ ਪੁਲਿਸ ਥਾਣਾ ਤੋਂ ਮਹਿਜ 100 ਮੀਟਰ ਦੀ ਦੂਰੀ ‘ਤੇ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 12 ਅਗਸਤ ਸਵੇਰੇ 6 ਤੋਂ 7 ਵਜੇ ਦੇ ਕਰੀਬ ਹੈ, ਜਦੋਂ ਇੱਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋ ਕੇ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਵਿਛਾਏ ਰੁਮਾਲਾ ਸਾਹਿਬ ਖਿਲਾਰ ਦਿੱਤੇ ਤੇ ਹੋਰ ਸਾਮਾਨ ਇਧਰੋਂ-ਉਧਰ ਸੁੱਟਣਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਸਤਨਾਮ ਸਿੰਘ ਨੇ ਇਹ ਸਭ ਵੇਖ ਲਿਆ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਂਕਾਰ ਸਿੰਘ ਸ਼ੇਰੇ ਪੰਜਾਬ, ਕੌਂਸਲਰ ਪਰਮਿੰਦਰ ਸਿੰਘ ਕਰਵਲ, ਅਮਰਜੀਤ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ, ਬਿੱਕਰ ਸਿੰਘ ਤੇ ਭਾਈ ਰਵਿੰਦਰ ਸਿੰਘ ਹੈਡ ਗ੍ਰੰਥੀ ਤੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸੰਗਤ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਮਗਰੋਂ ਪੁਲਿਸ ਨੇ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸੁਰੂ ਕਰ ਦਿੱਤੀ ਹੈ । ਹਾਲਾਂਕਿ, ਨੌਜਵਾਨ ਨੂੰ ਮਾਨਸਿਕ ਤੌਰ ‘ਤੇ ਬਿਮਾਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਾਬੂ ਕਰਨ ਸਮੇਂ ਅੱਧ-ਨਗਨ ਹਾਲਤ ‘ਚ ਸੀ ਤੇ ਉਸ ਦੇ ਸਿਰ ਵਿੱਚ ਕੀੜੇ ਪਏ ਹੋਏ ਹਨ। ਵਾਇਰਲ ਹੋਏ ਇਕ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਪਿਆ ਸਾਮਾਨ ਖਿਲਰਿਆ ਹੋਇਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਬੜੇ ਧਿਆਨ ਨਾਲ ਜਾਂਚਿਆ ਜਾ ਰਿਹਾ ਹੈ । ਜਦੋਂ ਨੌਜਵਾਨ ਨੂੰ ਕਾਬੂ ਕੀਤਾ ਗਿਆ ਤਾਂ ਗੁਰਦੁਆਰਾ ਸਾਹਿਬ ਵਿੱਚ ਸਥਾਨਕ ਲੋਕ ਇਕੱਠੇ ਹੋਣੇ ਸੁਰੂ ਹੋ ਗਏ ਹਨ।