ਰਜਿ: ਨੰ: PB/JL-124/2018-20
RNI Regd No. 23/1979

ਫਗਵਾੜਾ ਸ਼ੂਗਰ ਮਿੱਲ ਖ਼ਿਲਾਫ਼ ਲਗਾਏ ਕਿਸਾਨੀ ਧਰਨੇ ਕਾਰਣ ਮੀਲਾਂ ਲੰਬੇ ਜਾਮ ਵਿੱਚ ਫਸੇ ਲੋਕ
 
BY admin / August 12, 2022
ਫਗਵਾੜਾ, 12 ਅਗਸਤ (ਐਮ. ਐਲ. ਕੌੜਾ)-ਫਗਵਾੜਾ ਮਿੱਲ ਮਾਲਕਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਜੋਂ ਲਗਾਏ ਕਿਸਾਨੀ ਧਰਨੇ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਵੱਲੋਂ ਕੌਮੀ ਰਾਜ ਮਾਰਗ ਦੀਆਂ ਦੋਵੇਂ ਸਾਈਡਾਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਤੋਂ ਬਾਅਦ ਲੁਧਿਆਣਾ ਤੋਂ ਜਲੰਧਰ ਆਉਣ ਵਾਲੇ ਲੋਕ ਜਮਾਲਪੁਰ ਮੇਲਹੀ ਲਾਗੇ ਲੰਬੇ ਜਾਮ ‘ਚ ਫਸ ਰਹੇ ਹਨ। ਕਈ ਮੀਲ ਲੰਬਾ ਲੱਗਿਆ ਜਾਮ ਲੋਕਾਂ ਲਈ ਆਫਤ ਬਣ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਮੇਲਹੀ ਤੋਂ ਰੂਟ ਡਾਇਵਰਟ ਕਰ ਕੇ ਪਿੰਡਾਂ ਰਾਹੀਂ ਵਾਇਆ ਨੰਗਲ ਹਦੀਆਬਾਦ ਹਰਦਾਸਪੁਰ ਤੋਂ ਹੁੰਦੇ ਹੋਏ ਜਲੰਧਰ ਨੂੰ ਭੇਜਿਆ ਜਾ ਰਿਹਾ ਹੈ। ਮੇਲਹੀ ਤੋਂ ਜਾਣ ਵਾਲੇ ਟਰੈਫਿਕ ਦੇ ਵਿਚਕਾਰ ਰੇਲਵੇ ਲਾਈਨਾਂ ਹੋਣ ਕਾਰਨ ਦਿਨ ਵਿਚ ਕਈ ਵਾਰ ਰੇਲਵੇ ਫਾਟਕ ਬੰਦ ਹੀ ਰਹਿੰਦੇ ਹਨ ਜਿਸ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਰਿਹਾ ਹੈ ਤੇ ਲੋਕ ਖੱਜਲ ਖੁਆਰ ਹੋ ਰਹੇ ਹਨ। ਦੂਜੇ ਪਾਸੇ ਅਗਲੇਰੀ ਰਣਨੀਤੀ ਤਿਆਰ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਗਿਆਨ ਸਰ ਸਤਨਾਮਪੁਰਾ ਫਗਵਾੜਾ ਵਿਖੇ ਕੀਤੀ ਗਈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਇਕੱਤੀ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਚੱਲ ਰਹੀ ਹੈ ਜਿਸ ਵਿੱਚ ਧਰਨੇ ਸਬੰਧੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਚਾਰ ਵਜੇ ਤੱਕ ਚੱਲੇਗੀ ਜਿਸ ਤੋਂ ਬਾਅਦ ਅਗਲੀ ਰਣਨੀਤੀ ਨਾਲ ਸਾਰਿਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।