ਰਜਿ: ਨੰ: PB/JL-124/2018-20
RNI Regd No. 23/1979

ਨਵੇਂ ਡਿਗਰੀ ਕਾਲਜਾਂ ਲਈ 25.75 ਕਰੋੜ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ-ਹਰਪਾਲ ਸਿੰਘ ਚੀਮਾ
 
BY admin / August 12, 2022
ਚੰਡੀਗੜ, 12 ਅਗਸਤ (ਯੂ. ਐਨ. ਆਈ.)-ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਰਾਜ ਭਰ ਵਿੱਚ ਸਥਾਪਿਤ ਕੀਤੇ ਜਾ ਰਹੇ ਨਵੇਂ ਡਿਗਰੀ ਕਾਲਜਾਂ ਨੂੰ ਵਿੱਤੀ ਸਾਲ 2022-23 ਦੌਰਾਨ 25.75 ਕਰੋੜ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੈ ਪੰਜਾਬ ਸਰਕਾਰ ਸੂਬੇ ਵਿੱਚ ਉਚੇਰੀ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਆਪਣੇ ਇਸ ਮਿਸ਼ਨ ਤਹਿਤ ਵਿੱਤ ਵਿਭਾਗ ਨੇ ਰਾਜ ਵਿੱਚ ਸਥਾਪਤ ਕੀਤੇ ਜਾ ਰਹੇ 10 ਨਵੇਂ ਡਿਗਰੀ ਕਾਲਜਾਂ ਨੂੰ ਫੰਡ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਅੱਗੇ ਕਿਹਾ ਕਿ ਵਿੱਤ ਵਿਭਾਗ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ ਉੱਚ ਸਿੱਖਿਆ ਅਤੇ ਭਾਸਾ ਵਿਭਾਗ ਨੂੰ 30.23 ਕਰੋੜ ਰੁਪਏ ਦੀ ਹੋਰ ਗ੍ਰਾਂਟ ਵੀ ਜਾਰੀ ਕੀਤੀ ਹੈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ 22.5 ਕਰੋੜ, ਪੰਜਾਬ ਯੂਨੀਵਰਸਿਟੀ, ਚੰਡੀਗੜ ਲਈ 7.1 ਕਰੋੜ ਅਤੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਲਈ 6.2 ਕਰੋੜ ਰੁਪਏ ਸ਼ਾਮਿਲ ਹਨ। ਨਵੇਂ ਡਿਗਰੀ ਕਾਲਜਾਂ ਨੂੰ ਜਾਰੀ ਕੀਤੇ ਜਾਣ ਵਾਲੇ ਫੰਡਾਂ ਦੇ ਵੇਰਵੇ ਸਾਂਝੇ ਕਰਦਿਆਂ ਸ. ਚੀਮਾ ਨੇ ਕਿਹਾ ਕਿ ਵਿੱਤ ਵਿਭਾਗ ਨੇ ਚਾਲੂ ਵਿੱਤੀ ਸਾਲ ਦੌਰਾਨ ਸਰਕਾਰੀ ਕਾਲਜ ਅਬੋਹਰ (ਫਾਜ਼ਿਲਕਾ) ਲਈ 4.56 ਕਰੋੜ, ਸਰਕਾਰੀ ਕਾਲਜ ਮਹੈਂਣ ਆਨੰਦਪੁਰ ਸਾਹਿਬ, (ਰੋਪੜ) ਲਈ 4.26 ਕਰੋੜ, ਸਰਕਾਰੀ ਕਾਲਜ ਚੱਬੇਵਾਲ ਮੁਖਲਿਆਣਾ, ਹੁਸ਼ਿਆਰਪੁਰ ਲਈ 3.80 ਕਰੋੜ, ਸਰਕਾਰੀ ਗਰਲਜ ਕਾਲਜ, ਮਲੇਰਕੋਟਲਾ ਲਈ 3.71 ਕਰੋੜ, ਸਰਕਾਰੀ ਕਾਲਜ ਸਿੱਧੂਪੁਰ, ਗੁਰਦਾਸਪੁਰ ਲਈ 1.97 ਕਰੋੜ, ਸਰਕਾਰੀ ਕਾਲਜ ਹੁਸਨੇਰ, ਗਿਦੜਬਾਹਾ, ਸ੍ਰੀ ਮੁਕਤਸਰ ਸਾਹਿਬ ਲਈ 1.86 ਕਰੋੜ, ਸਰਕਾਰੀ ਕਾਲਜ ਜਾਡਲਾ, ਸ਼ਹੀਦ ਭਗਤ ਸਿੰਘ ਨਗਰ ਲਈ 1.10 ਕਰੋੜ, ਸਰਕਾਰੀ ਕਾਲਜ ਢੋਲਬਾਹਾ, ਹੁਸ਼ਿਆਰਪੁਰ ਲਈ 65 ਲੱਖ, ਸਰਕਾਰੀ ਕਾਲਜ ਸਾਹਕੋਟ, ਜਲੰਧਰ ਲਈ 98 ਲੱਖ ਅਤੇ ਸਰਕਾਰੀ ਕਾਲਜ ਦਾਨੇਵਾਲਾ, ਮਲੋਟ ਲਈ 2.86 ਕਰੋੜ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।