ਰਜਿ: ਨੰ: PB/JL-124/2018-20
RNI Regd No. 23/1979

ਸ਼ਰਾਬੀ ਕਾਰ ਸਵਾਰ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨਾਲ ਕੀਤੀ ਛੇੜਛਾੜ, 10-15 ਮੀਟਰ ਤੱਕ ਘਸੀਟਿਆ
 
BY admin / January 19, 2023
ਨਵੀਂ ਦਿੱਲੀ, 19 ਜਨਵਰੀ, (ਯੂ.ਐਨ.ਆਈ.)- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ) ਦੀ ਮੁਖੀ ਸਵਾਤੀ ਮਾਲੀਵਾਲ ਨੂੰ ਵੀਰਵਾਰ ਸਵੇਰੇ ਕਰੀਬ 3.11 ਵਜੇ ਦਿੱਲੀ ਏਮਜ਼ ਦੇ ਗੇਟ 2 ਦੇ ਸਾਹਮਣੇ ਇੱਕ ਕਾਰ ਵੱਲੋਂ ਘਸੀਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਕਾਰ ਸਵਾਰ ਉਸ ਨੂੰ ਕਰੀਬ 10-15 ਮੀਟਰ ਤੱਕ ਖਿੱਚ ਕੇ ਲੈ ਗਏ। ਸਵਾਤੀ ਮਾਲੀਵਾਲ (ਡੀ.ਸੀ.ਡਬਲਿਊ ਚੀਫ ਸਵਾਤੀ ਮਾਲੀਵਾਲ) ਨੇ ਲਿਖਿਆ ਕਿ ਬੀਤੀ ਦੇਰ ਰਾਤ ਮੈਂ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈ ਰਹੀ ਸੀ। ਇਸ ਦੌਰਾਨ ਇਕ ਕਾਰ ਦੇ ਡਰਾਈਵਰ ਨੇ ਨਸ਼ੇ ਦੀ ਹਾਲਤ ਵਿਚ ਮੇਰੇ ਨਾਲ ਛੇੜਛਾੜ ਕੀਤੀ ਅਤੇ ਜਦੋਂ ਮੈਂ ਉਸ ਨੂੰ ਫੜਿਆ ਤਾਂ ਉਸ ਨੇ ਮੇਰਾ ਹੱਥ ਕਾਰ ਦੇ ਸ਼ੀਸ਼ੇ ਵਿਚ ਬੰਦ ਕਰ ਦਿੱਤਾ ਅਤੇ ਮੈਨੂੰ ਖਿੱਚ ਕੇ ਲੈ ਗਿਆ। ਰੱਬ ਨੇ ਜਾਨ ਬਚਾਈ। ਜੇਕਰ ਦਿੱਲੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਹੈ ਤਾਂ ਸਥਿਤੀ ਦਾ ਅੰਦਾਜ਼ਾ ਲਗਾਓ। ਦਿੱਲੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਹਰੀਸ਼ ਚੰਦਰ (41) ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਘਟਨਾ ਦੌਰਾਨ ਮੁਲਜ਼ਮ ਸ਼ਰਾਬੀ ਸੀ। ਐਫਆਈਆਰ ਦਰਜ ਕੀਤੀ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸਵਾਤੀ ਮਾਲੀਵਾਲ ਆਪਣੀ ਟੀਮ ਸਮੇਤ ਫੁੱਟਪਾਥ ’ਤੇ ਖੜ੍ਹੀ ਸੀ।