ਨਕਾਬਪੋਸ਼ਾਂ ਨੇ ਪਿਸਤੌਲ ਦੇ ਜ਼ੋਰ ’ਤੇ ਲੁੱਟਿਆ 15 ਲੱਖ ਰੁਪਏ ਦਾ ਸੋਨਾ
ਅੰਮ੍ਰਿਤਸਰ, (ਨਿਰਮਲ ਸਿੰਘ ਚੌਹਾਨ)- ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਗ਼ੈਰ-ਸਮਾਜਿਕ ਅਨਸਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਗੁਰੂ ਨਗਰੀ ਅੰਮ੍ਰਿਤਸਰ ਤੋਂ ਲੁੱਟ ਦਾ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਨਗਰੀ ਵਿਚ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ ਤੇ ਪੁਲਿਸ ਇਥੇ ਬਿਲਕੁਲ ਸੁਸਤ ਨਜ਼ਰ ਆ ਰਹੀ ਹੈ। ਤੜਕਸਾਰ ਗੁਰੂ ਬਾਜ਼ਾਰ ਵਿਚ ਸਥਿਤ ਸੁਨਿਆਰੇ ਦੀ ਦੁਕਾਨ ਵਿਚ ਦੋ ਨਕਾਬਪੋਸ਼ ਦਾਖ਼ਲ ਹੋਏ ਅਤੇ ਪਿਸਤੌਲ ਦੇ ਜ਼ੋਰ ਉਤੇ 15 ਲੱਖ ਰੁਪਏ ਤੋਂ ਵੱਧ ਦਾ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਸਵੇਰੇ ਦੁਕਾਨ ਖੁੱਲ੍ਹਦੇ ਸਾਰ ਹੀ ਲੁਟੇਰੇ ਸੁਨਿਆਰੇ ਦੀ ਦੁਕਾਨ ਵਿਚ ਵੜ ਗਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਇਸ ਘਟਨਾ ਨਾਲ ਦੁਕਾਨਦਾਰ ਭਾਈਚਾਰੇ ਵਿਚ ਭਾਰੀ ਸਹਿਮ ਦਾ ਮਾਹੌਲ ਤੇ ਉਨ੍ਹਾਂ ਨੇ ਪੁਲਿਸ ਨੂੰ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ੍ਹਨ ਦੀ ਮੰਗ ਕੀਤੀ ਹੈ।