ਰਜਿ: ਨੰ: PB/JL-124/2018-20
RNI Regd No. 23/1979

ਪਹਿਲਵਾਨਾਂ ਦਾ ਫੈਡਰੇਸ਼ਨ ਦੇ ਪ੍ਰਧਾਨ ਵਿਰੁੱਧ ਪ੍ਰੋਟੈਸਟ ਜਾਰੀ-ਅਸਤੀਫ਼ੇ ਦੀ ਮੰਗ ’ਤੇ ਕਾਇਮ
 
BY admin / January 20, 2023
ਨਵੀਂ ਦਿੱਲੀ, 20 ਜਨਵਰੀ, (ਯੂ.ਐਨ.ਆਈ.)- ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਦਬਾਅ ਹੇਠ ਅੱਜ ਇੱਕ ਪ੍ਰੈਸ ਕਾਨਫਰੰਸ ਕਰਨਗੇ। ਉਨ੍ਹਾਂ ਕਿਹਾ ਹੈ ਕਿ ਉਹ ਸ਼ੁੱਕਰਵਾਰ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ’ਚ ਆਪਣੇ ਖਿਲਾਫ ਰਚੀ ਸਿਆਸੀ ਸਾਜ਼ਿਸ਼ ਦਾ ਪਰਦਾਫਾਸ਼ ਕਰਨਗੇ। ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤਰ ਪ੍ਰਦੇਸ਼ ਦੇ ਕੈਸਰਗੰਜ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਵੀ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ’ਤੇ ਇਕ ਪੋਸਟ ’ਚ ਕਿਹਾ ਕਿ ਉਹ ਸੂਬੇ ਦੇ ਗੋਂਡਾ ਜ਼ਿਲੇ ਦੇ ਨਵਾਬਗੰਜ ’ਚ ਕੁਸ਼ਤੀ ਸਿਖਲਾਈ ਕੇਂਦਰ ’ਚ ਪ੍ਰੈੱਸ ਕਾਨਫਰੰਸ ਕਰਨਗੇ। ਦੱਸ ਦੇਈਏ ਕਿ ਵੀਰਵਾਰ ਨੂੰ ਕੁਝ ਪਹਿਲਵਾਨਾਂ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਦੇਰ ਰਾਤ ਮੀਟਿੰਗ ਕੀਤੀ ਸੀ। ਦੇਰ ਸ਼ਾਮ ਚੰਡੀਗੜ੍ਹ ਤੋਂ ਆਪਣੀ ਦਿੱਲੀ ਸਥਿਤ ਰਿਹਾਇਸ਼ ’ਤੇ ਪੁੱਜੇ ਠਾਕੁਰ ਨੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਪਹਿਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਰਵੀ ਦਹੀਆ ਅਤੇ ਹੋਰਾਂ ਨੂੰ ਅੱਜ ਤੜਕੇ 3 ਵਜੇ ਦੇ ਕਰੀਬ ਠਾਕੁਰ ਦੀ ਰਿਹਾਇਸ਼ ਤੋਂ ਨਿਕਲਦੇ ਦੇਖਿਆ ਗਿਆ। ਸੂਤਰਾਂ ਮੁਤਾਬਕ ਠਾਕੁਰ ਦੇ ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ’ਚ ਫਿਰ ਤੋਂ ਪਹਿਲਵਾਨਾਂ ਨੂੰ ਮਿਲਣ ਦੀ ਸੰਭਾਵਨਾ ਹੈ। ਕੇਂਦਰੀ ਖੇਡ ਮੰਤਰਾਲੇ ਨੇ ਡਬਲਯੂਐਫਆਈ ਨੂੰ ਪਹਿਲਵਾਨਾਂ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦੇਣ ਲਈ ਵੀਰਵਾਰ ਨੂੰ 72 ਘੰਟਿਆਂ ਦੀ ਸਮਾਂ ਸੀਮਾ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਜੇਕਰ ਡਬਲਯੂਐਫਆਈ ਅਗਲੇ 72 ਘੰਟਿਆਂ ਦੇ ਅੰਦਰ ਜਵਾਬ ਦੇਣ ਵਿੱਚ ਅਸਫਲ ਰਹਿੰਦਾ ਹੈ, ਤਾਂ ਉਹ ਰਾਸ਼ਟਰੀ ਖੇਡ ਵਿਕਾਸ ਕੋਡ, 2011 ਦੇ ਉਪਬੰਧਾਂ ਦੇ ਅਨੁਸਾਰ ਫੈਡਰੇਸ਼ਨ ਵਿਰੁੱਧ ਕਾਰਵਾਈ ਸ਼ੁਰੂ ਕਰੇਗਾ। ਸਮਾਂ ਸੀਮਾ ਸ਼ਨੀਵਾਰ ਨੂੰ ਖਤਮ ਹੋ ਰਹੀ ਹੈ। ਦੱਸ ਦੇਈਏ ਕਿ ਪਹਿਲਵਾਨਾਂ ਨੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਅਤੇ ਫੈਡਰੇਸ਼ਨ ਦੇ ਡਬਲਯੂਐਫਆਈ ਪ੍ਰਧਾਨ ਅਤੇ ਉਨ੍ਹਾਂ ਦੇ ਕੋਚਾਂ ’ਤੇ ਮਹਾਸੰਘ ਦੇ ਕੰਮਕਾਜ ’ਚ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ। ਬਜਰੰਗ ਪੂਨੀਆ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਕੁਸ਼ਤੀ ਮਹਾਸੰਘ ਦਾ ਪੂਰਾ ਬਦਲਾਅ ਚਾਹੁੰਦੇ ਹਾਂ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਨੂੰ ਭੰਗ ਕਰਕੇ ਪੁਨਰਗਠਨ ਕੀਤਾ ਜਾਣਾ ਚਾਹੀਦਾ ਹੈ। ਰਾਜ ਕੁਸ਼ਤੀ ਫੈਡਰੇਸ਼ਨਾਂ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਡਬਲਯੂਐਫਆਈ ਦੇ ਪ੍ਰਧਾਨ ਨਾਲ ਸਬੰਧ ਹਨ। ਪਹਿਲਵਾਨਾਂ ਨੇ ਡਬਲਯੂਐੱਫਆਈ ਦੇ ਪ੍ਰਧਾਨ ਦੇ ਅਸਤੀਫ਼ੇ ਅਤੇ ਉਸ ਖ਼?ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਵਿਨੇਸ਼ ਫੋਗਾਟ ਨੇ ਦੋਸ਼ ਲਗਾਇਆ ਸੀ ਕਿ ਡਬਲਯੂਐਫਆਈ ਦਾ ਚਹੇਤਾ ਕੋਚ ਔਰਤਾਂ ਨਾਲ ਦੁਰਵਿਵਹਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ। ਉਸ ਨੇ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਟੋਕੀਓ ਓਲੰਪਿਕ 2020 ’ਚ ਹਾਰ ਤੋਂ ਬਾਅਦ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਨੂੰ ’ਝੂਠਾ ਸਿੱਕਾ’ ਕਰਾਰ ਦੇਣ ਦਾ ਦੋਸ਼ ਵੀ ਲਾਇਆ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਪਹਿਲਾਂ ਫੈਡਰੇਸ਼ਨ ਕੋਲ ਪਹੁੰਚ ਕਰਨੀ ਚਾਹੀਦੀ ਸੀ। ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ 97 ਪ੍ਰਤੀਸ਼ਤ ਪਹਿਲਵਾਨ ਡਬਲਯੂਐਫਆਈ ਦੇ ਨਾਲ ਸਨ ਅਤੇ ਜੋ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਸਨ, ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ। ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ, ਡਬਲਯੂਐਫਆਈ ਪ੍ਰਧਾਨ ਨੇ ਕਿਹਾ, “ਜਿਨਸੀ ਸ਼ੋਸ਼ਣ ਦੀ ਕੋਈ ਘਟਨਾ ਨਹੀਂ ਹੋਈ ਹੈ। ਜੇਕਰ ਅਜਿਹਾ ਕੁਝ ਹੋਇਆ ਤਾਂ ਮੈਂ ਖੁਦ ਨੂੰ ਫਾਂਸੀ ਲਾ ਲਵਾਂਗਾ।’’