ਰਜਿ: ਨੰ: PB/JL-124/2018-20
RNI Regd No. 23/1979

ਜੋਸ਼ੀਮਠ ’ਚ ਸਥਿਤੀ ਬਣੀ ਖ਼ਤਰਨਾਕ, ਬਿਜਲੀ ਦੇ ਖੰਭੇ ਝੁਕਣ ਲੱਗੇ, ਮੀਂਹ ਤੇ ਬਰਫ਼ਬਾਰੀ ਨਾਲ ਵਧੀਆਂ ਮੁਸ਼ਕਿਲਾਂ
 
BY admin / January 21, 2023
ਜੋਸ਼ੀਮਠ, 21 ਜਨਵਰੀ, (ਯੂ.ਐਨ.ਆਈ.)- ਜੋਸ਼ੀਮਠ ਵਿੱਚ ਵਾਪਰੀ ਤ੍ਰਾਸਦੀ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਹੋਣ ਲਈ ਮਜਬੂਰ ਕੀਤਾ। ਦਰਾਰਾਂ ਵਾਲੇ ਘਰਾਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ। ਅਸੁਰੱਖਿਅਤ ਇਮਾਰਤਾਂ ਦੀ ਗਿਣਤੀ ਵਧ ਕੇ 863 ਹੋ ਗਈ ਹੈ। ਸਾਰੀਆਂ ਸਮੱਸਿਆਵਾਂ ਦੇ ਵਿਚਕਾਰ, ਜੋਸ਼ੀਮਠ ਵਿਖੇ ਬਿਜਲੀ ਸਪਲਾਈ ਦਾ ਸੰਕਟ ਡੂੰਘਾ ਹੋ ਸਕਦਾ ਹੈ। ਜੋਸ਼ੀਮਠ ਵਿੱਚ ਕਰੀਬ 70 ਬਿਜਲੀ ਦੇ ਖੰਭੇ ਅਤੇ ਕੁਝ ਟਰਾਂਸਫਾਰਮਰ ਝੁਕਣੇ ਸ਼ੁਰੂ ਹੋ ਗਏ ਹਨ। ਇਸ ਸਮੱਸਿਆ ਨੂੰ ਦੇਖਦੇ ਹੋਏ ਜੋਸ਼ੀਮੱਠ ’ਚ ਮੌਜੂਦ ਉੱਤਰਾਖੰਡ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਸਰਗਰਮ ਹੋ ਗਏ ਹਨ। ਜੋਸ਼ੀਮਠ ਸ਼ਹਿਰ ਵਿੱਚ ਬਿਜਲੀ ਸਪਲਾਈ ਦੀ ਸੰਭਾਵਿਤ ਸਮੱਸਿਆ ਨਾਲ ਨਜਿੱਠਣ ਲਈ ਕੰਮ ਕੀਤਾ ਜਾ ਰਿਹਾ ਹੈ। ਯੂਪੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ 33/11ਕੇ.ਵੀ. ਸਮਰੱਥਾ ਦਾ ਸਬ-ਸਟੇਸ਼ਨ ਪਾਣੀ ਦੇ ਲੀਕ ਹੋਣ ਵਾਲੀ ਥਾਂ ਤੋਂ ਕਰੀਬ 50 ਮੀਟਰ ਦੀ ਦੂਰੀ ’ਤੇ ਸਥਿਤ ਹੈ। ਜ਼ਮੀਨ ਖਿਸਕਣ ਤੋਂ ਬਾਅਦ ਜੋਸ਼ੀਮਠ ਮੌਸਮ ਦੀ ਮਾਰ ਹੇਠ ਆ ਗਿਆ ਹੈ। ਮੀਂਹ ਅਤੇ ਬਰਫਬਾਰੀ ਨੇ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਜੋਸ਼ੀਮਠ ਖੇਤਰ ’ਚ ਵੀਰਵਾਰ ਰਾਤ ਤੋਂ ਬਾਰਿਸ਼ ਅਤੇ ਬਰਫਬਾਰੀ ਹੋ ਰਹੀ ਹੈ, ਜੋ ਸ਼ੁੱਕਰਵਾਰ ਨੂੰ ਦਿਨ ਭਰ ਰੁਕ-ਰੁਕ ਕੇ ਜਾਰੀ ਰਹੀ। ਇਸ ਕਾਰਨ ਦੋ ਹੋਟਲਾਂ ਸਮੇਤ 20 ਇਮਾਰਤਾਂ ਨੂੰ ਢਾਹੁਣ ਦਾ ਕੰਮ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਪਾੜ ਪੈਣ ਕਾਰਨ ਹਾਈਵੇਅ ਦੇ ਇਸ ਹਿੱਸੇ ’ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਸੀ। ਮੀਂਹ ਕਾਰਨ ਘਰਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਰਾਰਾਂ ਤੋਂ ਪਾਣੀ ਵੜ ਰਿਹਾ ਹੈ। ਜਿਸ ਕਾਰਨ ਜ਼ਮੀਨ ਖਿਸਕਣ ਦਾ ਡਰ ਬਣਿਆ ਹੋਇਆ ਹੈ।