ਜੇਕਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵੱਲ ਧਿਆਨ ਦਿੱਤਾ ਹੁੰਦਾ ਤਾਂ ਇੱਥੋਂ ਦੀ ਤਸਵੀਰ ਬਦਲ ਜਾਣੀ ਸੀ: ਗੌਤਮ ਗੰਭੀਰ
ਨਵੀਂ ਦਿੱਲੀ, 21 ਜਨਵਰੀ, (ਯੂ.ਐਨ.ਆਈ.)- ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕਿ੍ਰਕਟਰ ਗੌਤਮ ਗੰਭੀਰ ਨੇ ਕਈ ਦਿਨਾਂ ਤੋਂ ਉਪ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਟਕਰਾਅ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਗੌਤਮ ਗੰਭੀਰ ਨੇ ਟਵੀਟ ਕੀਤਾ ਕਿ ਸੀਐੱਮ ਅਰਵਿੰਦ ਕੇਜਰੀਵਾਲ ਫਿਨਲੈਂਡ ਦੀ ਯਾਤਰਾ ’ਤੇ ਅਧਿਆਪਕਾਂ ਨੂੰ ਭੇਜਣ ਲਈ ਜੋ ਲੜਾਈ ਲੜ ਰਹੇ ਹਨ, ਜੇਕਰ ਉਨ੍ਹਾਂ ਨੇ ਦਿੱਲੀ ਦੇ ਹੋਰ ਮੁੱਦਿਆਂ ’ਤੇ ਜ਼ੋਰ ਦਿੱਤਾ ਹੁੰਦਾ ਅਤੇ ਲੜਾਈ ਲੜੀ ਹੁੰਦੀ, ਤਾਂ ਦਿੱਲੀ ਦੀ ਤਸਵੀਰ ਵੱਖਰੀ ਹੁੰਦੀ। ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਇੱਕ ਟਵੀਟ ਵਿੱਚ ਕਿਹਾ, “ਜੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਪ੍ਰਦੂਸ਼ਣ, ਜਨ ਲੋਕਪਾਲ, ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ, ਯਮੁਨਾ ਨੂੰ ਸਾਫ਼ ਕਰਨ ਅਤੇ ਹਸਪਤਾਲਾਂ ਵਿੱਚ ਸੁਧਾਰ ਕਰਨ ਲਈ ਯਤਨ ਕੀਤੇ ਹੁੰਦੇ, ਤਾਂ ਹੁਣ ਤੱਕ ਦਿੱਲੀ ਦੀ ਤਸਵੀਰ ਅਤੇ ਕਿਸਮਤ ਦੋਵੇਂ ਬਦਲ ਚੁੱਕੇ ਹੁੰਦੇ। ਪਰ ਦਿੱਲੀ ਦੇ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ’ਤੇ ਕੰਮ ਕਰਨ ਦੀ ਬਜਾਏ ਕੇਜਰੀਵਾਲ ਉਪ ਰਾਜਪਾਲ ਨਾਲ ਟਕਰਾ ਰਹੇ ਹਨ। ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਦੇ ਹਿੱਤਾਂ ਦੀ ਚਿੰਤਾ ਨਹੀਂ ਹੈ। ਇਸ ਦੀ ਬਜਾਏ, ਉਹ ਕਿਸੇ ਵੀ ਮਾਮਲੇ ਵਿੱਚ ਆਪਣੇ ਆਪ ਨੂੰ ਐਲਜੀ ਤੋਂ ਵੱਡਾ ਬਣਾਉਣਾ ਚਾਹੁੰਦਾ ਹੈ। ਖਾਸ ਗੱਲ ਇਹ ਹੈ ਕਿ ਦਿੱਲੀ ਦੇ ਅਧਿਆਪਕਾਂ ਦੀ ਸਿਖਲਾਈ ਦੇ ਮੁੱਦੇ ’ਤੇ ਕਈ ਦਿਨਾਂ ਤੋਂ ਦਿੱਲੀ ਸਰਕਾਰ ਅਤੇ ਐਲਜੀ ਵਿਚਾਲੇ ਟਕਰਾਅ ਚੱਲ ਰਿਹਾ ਹੈ।