ਏਅਰ ਇੰਡੀਆ ਦੀ ਫਲਾਈਟ ’ਚ ਆਈ ਤਕਨੀਕੀ ਖ਼ਰਾਬੀ, 105 ਯਾਤਰੀਆਂ ਸਣੇ ਹੋਈ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ, 23 ਜਨਵਰੀ (ਯੂ. ਐਨ. ਆਈ.)-ਤਿਰੂਵਨੰਤਪੁਰਮ ਤੋਂ ਮਸਕਟ, ਓਮਾਨ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਟੇਕ-ਆਫ ਤੋਂ ਥੋੜ੍ਹੀ ਦੇਰ ਬਾਅਦ ਵਾਪਸ ਲੈਂਡ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਫਲਾਈਟ ਦੇ ਆਨ-ਬੋਰਡ ਕੰਪਿਊਟਰ ਸਿਸਟਮ ‘ਚ ਤਕਨੀਕੀ ਖਰਾਬੀ ਕਾਰਨ ਇਸ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਵਾਪਸ ਲਿਆਉਣਾ ਪਿਆ। ਫਲਾਈਟ 9X 549, ਕੇਰਲ ਦੀ ਰਾਜਧਾਨੀ ਤੋਂ ਸਵੇਰੇ 8.30 ਵਜੇ ਉਡਾਣ ਭਰੀ ਅਤੇ ਸਿਰਫ 9.17 ਵਜੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਸ ਆਈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਫਲਾਈਟ ਦੇ ਕਪਤਾਨ ਨੂੰ ਕੁਝ ਹੀ ਸਮੇਂ ‘ਚ ਤਕਨੀਕੀ ਖਰਾਬੀ ਦਾ ਅੰਦਾਜ਼ਾ ਹੋ ਗਿਆ ਸੀ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਉਸ ਸਮੇਂ ਜਹਾਜ਼ ਵਿੱਚ ਕੈਬਿਨ ਕਰੂ ਅਤੇ ਪਾਇਲਟ ਤੋਂ ਇਲਾਵਾ ਕੁੱਲ 105 ਯਾਤਰੀ ਸਵਾਰ ਸਨ। ਉਨ੍ਹਾਂ ਇਹ ਵੀ ਦੱਸਿਆ, “ਸਾਰੇ 105 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਏਅਰਲਾਈਨ ਯਾਤਰੀਆਂ ਲਈ ਦੂਜੀ ਉਡਾਣ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੀ ਉਡਾਣ ਦੁਪਹਿਰ 1 ਵਜੇ ਉਡਾਣ ਭਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਯਾਤਰੀ ਠੀਕ-ਠਾਕ ਹਨ। ਯਾਤਰੀਆਂ ਦੀ ਦੇਖਭਾਲ ਅਤੇ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਯਤਨ ਜਾਰੀ ਹੈ।