ਰਜਿ: ਨੰ: PB/JL-124/2018-20
RNI Regd No. 23/1979

‘ਆਪ’ ਆਗੂਆਂ ਵਿਚਕਾਰ ਹੋਈ ਤਕਰਾਰ, ਸਟੇਜ ’ਤੇ ਹੀ ਭਿੜੇ ਆਗੂ
 
BY admin / January 24, 2023
ਜਲੰਧਰ, 24 ਜਨਵਰੀ, (ਜੇ. ਐਸ. ਸੋਢੀ)- ਜਲੰਧਰ ’ਚ ’ਆਪ’ ਆਗੂਆਂ ਵਿਚਕਾਰ ਧੱਕਾ-ਮੁੱਕੀ ਤੇ ਆਪਸ ਵਿੱਚ ਖਿੱਚ ਧੂਹ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਨੂੰ ਲੈ ਕੇ ਰੱਖੇ ਗਏ ਪ੍ਰੋਗਰਾਮ ਵਿੱਚ ਪਾਰਟੀ ਦੇ ਆਗੂ ਮਾਈਕ ’ਤੇ ਬੋਲਣ ਲਈ ਆਪਸ ਵਿੱਚ ਉਲਝ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੰਤਰੀ ਚਲਦੇ ਪ੍ਰੋਗਰਾਮ ਵਿੱਚ ਹੀ ਆਪਸ ਵਿੱਚ ਭਿੜ ਗਏ। ਇਸ ਮੌਕੇ ਤੇ ਜਲੰਧਰ ਦੇ ਇੰਚਾਰਜ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੀ ਉੱਥੇ ਮੌਜੂਦ ਸਨ। ਉਹ ਵੀ ਚੁੱਪ-ਚੁਪੀਤੇ ਉਨ੍ਹਾਂ ਦਾ ਡਰਾਮਾ ਦੇਖਦੇ ਰਹੇ। ਵਿਧਾਇਕ ਰਮਨ ਅਰੋੜਾ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਰੱਖੇ ਪ੍ਰੋਗਰਾਮ ਵਿੱਚ ਉਮੀਦਵਾਰਾਂ ਦੇ ਨਾਂ ਬੋਲ ਰਹੇ ਸਨ। ਸ਼ਾਇਦ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਏ ਕੈਂਟ ਦੇ ਕੁਝ ਆਗੂਆਂ ਦਾ ਨਾਂ ਨਹੀਂ ਲਿਆ ਸੀ। ਜਿਸ ਕਾਰਨ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਹੱਥ ਵਿੱਚ ਸੂਚੀ ਫੜ ਕੇ ਵਿਧਾਇਕ ਰਮਨ ਕੋਲ ਪਹੁੰਚੇ। ਉਨ੍ਹਾਂ ਨੇ ਆਉਂਦਿਆਂ ਹੀ ਵਿਧਾਇਕ ਤੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ। ਜਿਸ ’ਤੇ ਵਿਧਾਇਕ ਨੇ ਉਨ੍ਹਾਂ ਨੂੰ ਮਾਈਕ ਨਹੀਂ ਦਿੱਤਾ। ਇਸ ਦੌਰਾਨ ਇੱਕ ਤੀਜੇ ‘ਆਪ’ ਆਗੂ ਦੀ ਐਂਟਰੀ ਹੋਈ। ਉਸ ਨੇ ਪਿੱਛੇ ਤੋਂ ਹੱਥ ਪਾ ਕੇ ਮਾਈਕ ਖੋਹ ਲਿਆ। ਇਸ ਤੋਂ ਬਾਅਦ ਵਿਧਾਇਕ ਅਤੇ ਜਲੰਧਰ ਛਾਉਣੀ ਦੇ ਇੰਚਾਰਜ ਸੋਢੀ ਦੋਵੇਂ ਗੁੱਸੇ ਨਾਲ ਇੱਕ ਦੂਜੇ ਵੱਲ ਲਾਲ-ਪੀਲੇ ਹੁੰਦੇ ਨਜ਼ਰ ਆਏ। ਇਹ ਸਾਰਾ ਡਰਾਮਾ ਖੁੱਲ੍ਹ ਕੇ ਸਭ ਦੇ ਸਾਹਮਣੇ ਹੋ ਰਿਹਾ ਸੀ। ਮਾਈਕ ਨੂੰ ਲੈ ਕੇ ਹੋਈ ਝੜਪ ਦੀ ਇਸ ਵੀਡੀਓ ਦੌਰਾਨ ਵਿਧਾਇਕ ਰਮਨ ਅਰੋੜਾ ਦੀ ਆਵਾਜ਼ ਵੀ ਰਿਕਾਰਡ ਕੀਤੀ ਗਈ, ਜਿਸ ਵਿਚ ਉਹ ਕੈਂਟ ਦੇ ਵਿਧਾਇਕ ਅਤੇ ਮਾਈਕ ਖੋਹਣ ਵਾਲੇ ਤੀਜੇ ਵਿਅਕਤੀ ਨੂੰ ਗੁੱਸੇ ਵਿਚ ਕਹਿ ਰਹੇ ਹਨ ਕਿ ਤੁਹਾਡੇ ਦੋਵਾਂ ਕਾਰਨ ਪ੍ਰੋਗਰਾਮ ਵਿਚ ਵਿਘਨ ਪੈ ਗਿਆ ਹੈ। ਹੰਗਾਮੇ ਦੌਰਾਨ ਗਰਮਾਏ ਮਾਹੌਲ ਨੂੰ ਸ਼ਾਂਤ ਕਰਨ ਲਈ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਧਾਇਕ ਰਮਨ ਅਰੋੜਾ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਲਿਆ। ਜਦੋਂ ‘ਆਪ’ ਦੇ ਪ੍ਰੋਗਰਾਮ ਵਿੱਚ ਕਾਂਗਰਸੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਸੀ ਤਾਂ ਕਾਂਗਰਸੀ ਆਗੂ ਆਪਣੇ ਨਾਲ ਇੱਕ ਵੱਡਾ ਹਾਰ ਲੈ ਕੇ ਆਏ ਸਨ ਪਰ ਇਹ ਹਾਰ ਇੰਨਾ ਵੱਡਾ ਨਹੀਂ ਸੀ ਕਿ ਉਸ ਵਿੱਚ ਮੰਚ ਦੇ ਸਾਰੇ ਲੋਕ ਆ ਜਾਂਦੇ। ਇਸ ਦੌਰਾਨ ਹਾਰ ’ਚ ਆਪਣਾ ਸਿਰ ਪਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਛਾਉਣੀ ਦੇ ਇੰਚਾਰਜ ਦੀ ਪੱਗ ਹਾਰ ਵਿੱਚ ਨਾ ਆ ਸਕੀ ਜਿਸ ਕਰਕੇ ਉਨ੍ਹਾਂ ਨੇ ਹਾਰ ਦੇ ਪਿੱਛੇ ਹੋ ਕੇ ਹੀ ਫੋਟੋ ਕਰਵਾਈ।