ਰਜਿ: ਨੰ: PB/JL-124/2018-20
RNI Regd No. 23/1979

ਭਾਰਤੀ ਕਿ੍ਰਕਟਰ ਮੁਹੰਮਦ ਸ਼ਮੀ ਆਪਣੀ ਪਤਨੀ ਹਸੀਨ ਜਹਾਂ ਤੋਂ ਹਾਰ ਗਏ ਕਾਨੂੰਨੀ ਲੜਾਈ
 
BY admin / January 24, 2023
ਕੋਲਕਾਤਾ, 24 ਜਨਵਰੀ, (ਯੂ.ਐਨ.ਆਈ.)- ਪੱਛਮੀ ਬੰਗਾਲ ਦੇ ਕੋਲਕਾਤਾ ਦੀ ਰਹਿਣ ਵਾਲੀ ਹਸੀਨ ਜਹਾਂ ਨੇ ਆਪਣੇ ਪਤੀ ਭਾਰਤੀ ਕਿ੍ਰਕਟਰ ਮੁਹੰਮਦ ਸ਼ਮੀ ਖਿਲਾਫ ਚੱਲ ਰਹੀ ਕਾਨੂੰਨੀ ਲੜਾਈ ਜਿੱਤ ਲਈ ਹੈ। ਕੋਲਕਾਤਾ ਦੀ ਅਲੀਪੁਰ ਅਦਾਲਤ ਨੇ ਹਸੀਨ ਜਹਾਂ ਦੇ ਪੱਖ ’ਚ ਸੁਣਵਾਈ ਕਰਦੇ ਹੋਏ ਮੁਹੰਮਦ ਸ਼ਮੀ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਭਾਰਤੀ ਕਿ੍ਰਕਟਰ (ਮੁਹੰਮਦ ਸ਼ਮੀ) ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਪਣੀ ਪਤਨੀ ਅਤੇ ਬੇਟੀ ਦੇ ਗੁਜ਼ਾਰੇ ਲਈ ਹਰ ਮਹੀਨੇ 1 ਲੱਖ 30 ਹਜ਼ਾਰ ਰੁਪਏ ਅਦਾ ਕਰੇਗਾ। ਅਦਾਲਤ ਨੇ ਆਪਣੇ ਫੈਸਲੇ ’ਚ ਇਹ ਵੀ ਕਿਹਾ ਹੈ ਕਿ ਇਸ ਰਕਮ ’ਚੋਂ 50 ਹਜ਼ਾਰ ਰੁਪਏ ਉਸ ਦੀ ਪਤਨੀ ਹਸੀਨ ਜਹਾਂ ਨੂੰ ਅਤੇ ਬਾਕੀ 80 ਹਜ਼ਾਰ ਰੁਪਏ ਉਸ ਦੀ ਬੇਟੀ ਨੂੰ ਦਿੱਤੇ ਜਾਣਗੇ। ਸਾਲ 2018 ’ਚ ਹਸੀਨ ਅਤੇ ਸ਼ਮੀ ਦੇ ਰਿਸ਼ਤੇ ’ਚ ਖਟਾਸ ਆ ਗਈ ਸੀ, ਜਿਸ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਹਸੀਨ ਕੋਲਕਾਤਾ ’ਚ ਆਪਣੀ ਬੇਟੀ ਨਾਲ ਇਕ ਫਲੈਟ ’ਚ ਰਹਿਣ ਲੱਗੀ। ਹਸੀਨ ਨੇ ਉਸ ਦੌਰਾਨ ਸ਼ਮੀ ’ਤੇ ਘਰੇਲੂ ਹਿੰਸਾ ਦਾ ਕੇਸ ਵੀ ਦਰਜ ਕਰਵਾਇਆ ਸੀ। ਉਸ ਨੇ ਆਪਣੇ ਗੁਜਾਰੇ ਭੱਤੇ ਲਈ ਅਦਾਲਤ ਵਿੱਚ ਅਰਜ਼ੀ ਵੀ ਦਾਇਰ ਕੀਤੀ ਸੀ ਅਤੇ ਸ਼ਮੀ ਤੋਂ ਗੁਜਾਰੇ ਭੱਤੇ ਲਈ 7 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ। ਹਸੀਨ ਜਹਾਂ ਦੀ ਇਸ ਅਰਜ਼ੀ ’ਤੇ ਪਿਛਲੇ 5 ਸਾਲਾਂ ਤੋਂ ਸੁਣਵਾਈ ਚੱਲ ਰਹੀ ਸੀ। ਹਸੀਨ ਜਹਾਂ ਵਲੋਂ ਅਦਾਲਤ ’ਚ ਦਾਇਰ ਅਰਜ਼ੀ ਦੇ ਵਿਚਕਾਰ ਮੁਹੰਮਦ ਸ਼ਮੀ ਨੇ ਵੀ ਹਸੀਨ ਜਹਾਂ ’ਤੇ ਕੇਸ ਦਾਇਰ ਕਰਦੇ ਹੋਏ ਅਦਾਲਤ ਨੂੰ ਦੱਸਿਆ ਕਿ ਹਸੀਨ ਜਹਾਂ ਇਕ ਮਾਡਲ ਹੈ ਅਤੇ ਉਹ ਐਕਟਿੰਗ ਵੀ ਕਰਦੀ ਹੈ, ਜਿਸ ਤੋਂ ਉਹ ਹਰ ਮਹੀਨੇ 10 ਲੱਖ ਰੁਪਏ ਕਮਾਉਂਦੀ ਹੈ। ਸ਼ਮੀ ਨੇ ਆਪਣਾ ਕੇਸ ਮਜ਼ਬੂਤ ਕਰਨ ਲਈ ਅਦਾਲਤ ਨੂੰ ਅਖਬਾਰਾਂ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਸਨ। ਪਰ, ਉਹ ਅਦਾਲਤ ਵਿੱਚ ਹਸੀਨ ਜਹਾਂ ਦੀ ਆਮਦਨ ਨਾਲ ਸਬੰਧਤ ਕੋਈ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਸੂਤਰਾਂ ਦੀ ਮੰਨੀਏ ਤਾਂ ਹਸੀਨ ਜਹਾਂ ਹੁਣ ਸ਼ਮੀ ਦੇ ਖਿਲਾਫ ਕਲਕੱਤਾ ਹਾਈ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ, ਕਿਉਂਕਿ ਸ਼ਮੀ ਹਰ ਸਾਲ ਕਰੋੜਾਂ ਰੁਪਏ ਕਮਾਉਂਦੇ ਹਨ, ਅਜਿਹੇ ’ਚ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਬੇਟੀ ਦੇ ਗੁਜ਼ਾਰੇ ਦਾ ਖਰਚ ਬਹੁਤ ਘੱਟ ਹੈ।