ਰਜਿ: ਨੰ: PB/JL-124/2018-20
RNI Regd No. 23/1979

ਚੰਡੀਗੜ੍ਹ ਦੀ ਅਦਾਲਤ ’ਚ ਬੰਬ ਹੋਣ ਦਾ ਅਲੱਰਟ, ਪੁਲਿਸ ਨੇ ਕੀਤੀ ਅਦਾਲਤ ਖ਼ਾਲੀ, ਸਰਚ ਆਪਰੇਸ਼ਨ ਜਾਰੀ
 
BY admin / January 24, 2023
ਚੰਡੀਗੜ੍ਹ, 24 ਜਨਵਰੀ, (ਰਾਜ ਕੁਮਾਰ ਵਰਮਾ)- ਬੰਬ ਦੀ ਸੂਚਨਾ ਤੋਂ ਬਾਅਦ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਹੜਕੰਪ ਮਚ ਗਿਆ। ਮੰਗਲਵਾਰ ਦੁਪਹਿਰ ਨੂੰ ਜ਼ਿਲਾ ਅਦਾਲਤ ਨੂੰ ਬੰਬ ਹੋਣ ਦੀ ਸੂਚਨਾ ਦਿੱਤੀ ਗਈ। ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਿਲਾ ਅਦਾਲਤ ਦੇ ਕੰਪਲੈਕਸ ਨੂੰ ਖਾਲੀ ਕਰਵਾਇਆ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ। ਪੁਲਿਸ ਟੀਮ ਡੌਗ ਸਕੁਐਡ ਸਮੇਤ ਮੌਕੇ ’ਤੇ ਮੌਜੂਦ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਿੰਦੀ ’ਚ ਇਕ ਚਿੱਠੀ ਆਈ ਹੈ, ਜਿਸ ’ਚ ਲਿਖਿਆ ਹੈ ਕਿ ਅੱਜ ਦੁਪਹਿਰ 1 ਵਜੇ ਮੈਂ ਸੈਕਟਰ 43 ਅਤੇ ਪੰਚਕੂਲਾ ’ਚ ਬੰਬ ਚਲਾਵਾਂਗਾ ਮੇਰੀ ਕਾਰ ਬੰਬਾਂ ਨਾਲ ਭਰੀ ਹੋਈ ਹੈ, ਬਾਹਰ ਖੜ੍ਹੀ ਹੈ। ਸੂਚਨਾ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਕਚਹਿਰੀ ਵਿੱਚ ਬੰਬ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਅਦਾਲਤ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਦੋਂ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਅਦਾਲਤ ਵਿੱਚ ਮੌਜੂਦ ਲੋਕਾਂ ਨੇ ਸੋਚਿਆ ਕਿ ਪੁਲਿਸ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੱਦੇਨਜ਼ਰ ਇੱਕ ਮੌਕ ਡਰਿੱਲ ਕਰ ਰਹੀ ਹੈ। ਪੁਲਿਸ ਆਪ੍ਰੇਸ਼ਨ ਸੈੱਲ ਦੇ ਕਮਾਂਡੋਜ਼ ਦੇ ਨਾਲ-ਨਾਲ ਡਾਗ ਸਕੁਐਡ, ਬੰਬ ਡਿਸਪੋਜ਼ਲ ਸਕੁਐਡ ਅਤੇ ਰਿਜ਼ਰਵ ਫੋਰਸ ਵੀ ਅਦਾਲਤੀ ਕੰਪਲੈਕਸ ’ਚ ਪਹੁੰਚ ਗਈ ਹੈ। ਬੰਬ ਨੂੰ ਲੱਭਣ ਲਈ ਪੂਰੇ ਇਲਾਕੇ ’ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਚੰਡੀਗੜ੍ਹ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਅਦਾਲਤ ਦੇ ਅੰਦਰ ਬੰਬ ਹੋ ਸਕਦਾ ਹੈ। ਇਸ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ ਸੈਕਟਰ-43 ਸਥਿਤ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਹੈ। ਇਲਾਕੇ ’ਚ ਪੁਲਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।