ਰਜਿ: ਨੰ: PB/JL-124/2018-20
RNI Regd No. 23/1979

ਭਗਵੰਤ ਮਾਨ ਨੂੰ ਧਮਕੀ! ਬਠਿੰਡਾ ’ਚ ਤਿਰੰਗਾ ਲਹਿਰਾਇਆ ਤਾਂ ਹੋਏਗਾ ਆਰਪੀਜੀ ਅਟੈਕ
 
BY admin / January 24, 2023
ਚੰਡੀਗੜ੍ਹ, 24 ਜਨਵਰੀ, (ਯੂ.ਐਨ.ਆਈ.)- ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂ ਵੱਲੋਂ ਬਠਿੰਡਾ ਵਿੱਚ ਕਈ ਥਾਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਹਨ। ਪੰਨੂ ਨੇ ਸੀਐਮ ਮਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਆਏ ਤਾਂ ਉਨ੍ਹਾਂ ’ਤੇ ਆਰਪੀਜੀ ਹਮਲਾ ਕੀਤਾ ਜਾਵੇਗਾ। ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ। ਇੰਨਾ ਹੀ ਨਹੀਂ ਬਠਿੰਡਾ ਵਿੱਚ ਸੀਐਮ ਮਾਨ ਜਿੱਥੇ ਤਿਰੰਗਾ ਲਹਿਰਾਉਣ ਵਾਲੇ ਹਨ, ਉਸ ਗਰਾਊਂਡ ਦੀਆਂ ਕੰਧਾਂ ’ਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਿਖੇ ਗਏ ਹਨ। ਇਸ ਤੋਂ ਇਲਾਵਾ ਸੀਆਈਐਸਐਫ ਕੈਂਪਸ ਬਠਿੰਡਾ, ਐਨਐਫਐਲ ਬਠਿੰਡਾ ਤੇ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਪੰਨੂ ਨੇ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ 26 ਜਨਵਰੀ ਨੂੰ ਸੀਐਮ ਮਾਨ ਨੇ ਤਿਰੰਗਾ ਲਹਿਰਾਇਆ ਤਾਂ ਉਨ੍ਹਾਂ ’ਤੇ ਆਰਪੀਜੀ ਹਮਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਜਿਹੜੇ ਹੱਥ ਇਹ ਨਾਅਰੇ ਲਿਖ ਸਕਦੇ ਹਨ, ਉਹ ਆਰਪੀਜੀ ਚਲਾਉਣਾ ਵੀ ਜਾਣਦੇ ਹਨ। ਇਸ ਲਈ ਤਿਰੰਗਾ ਲਹਿਰਾਉਣ ਲਈ ਨਾ ਆਉਣਾ ਹੀ ਬਿਹਤਰ ਹੋਵੇਗਾ। ਦੱਸ ਦੇਈਏ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਕੁਝ ਦੂਰੀ ਉੱਤੇ ਹੀ ਜਿੰਦਾ ਬੰਬ ਬਰਾਮਦ ਕੀਤਾ ਗਿਆ ਸੀ।