ਰਜਿ: ਨੰ: PB/JL-124/2018-20
RNI Regd No. 23/1979

ਜੰਮੂ-ਕਸ਼ਮੀਰ ’ਚ ਟਲਿਆ ਵੱਡਾ ਹਾਦਸਾ, ਪੁਲਿਸ ਨੇ ਪਹਿਲੀ ਵਾਰ ਪਰਫਿਊਮ ਆਈ. ਈ. ਡੀ. ਕੀਤਾ ਬਰਾਮਦ

BY admin / February 02, 2023
ਸ਼੍ਰੀਨਗਰ, 2 ਫ਼ਰਵਰੀ (ਯੂ. ਐਨ. ਆਈ.)-ਜੰਮੂ-ਕਸ਼ਮੀਰ ‘ਚ ਦਹਿਸ਼ਤ ਫੈਲਾਉਣ ਲਈ ਅੱਤਵਾਦੀ ਹੁਣ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਉਹ ਹੁਣ ਆਮ ਆਈ. ਈ. ਡੀ. ਦੀ ਬਜਾਏ ਹਮਲਿਆਂ ਲਈ ਪਰਫਿਊਮ ਆਈ. ਈ. ਡੀ. ਦੀ ਵਰਤੋਂ ਕਰ ਰਹੇ ਹਨ। 13 ਦਿਨ ਪਹਿਲਾਂ ਯਾਨੀ 21 ਜਨਵਰੀ ਨੂੰ ਨਰਵਾਲ ਵਿੱਚ 20 ਮਿੰਟਾਂ ਦੇ ਅੰਦਰ ਦੋ ਧਮਾਕਿਆਂ ਵਿੱਚ ਇਸ ਪਰਫਿਊਮ ਆਈ. ਈ. ਡੀ. ਦੀ ਵਰਤੋਂ ਕੀਤੀ ਗਈ ਸੀ। ਇਹ ਜਾਣਕਾਰੀ ਜੰਮੂ-ਕਸ਼ਮੀਰ ਦੇ ਡੀ. ਆਈ. ਜੀ. ਦਿਲਬਾਗ ਸਿੰਘ ਨੇ ਵੀਰਵਾਰ ਨੂੰ ਸਾਂਝੀ ਕੀਤੀ ਹੈ। ਇਸ ਸਬੰਧੀ ਡੀ. ਆਈ. ਜੀ. ਦਿਲਬਾਗ ਸਿੰਘ ਨੇ ਦੱਸਿਆ ਕਿ ਅਸੀਂ ਪਹਿਲੀ ਵਾਰ ਧਮਾਕੇ ਵਿੱਚ ਵਰਤਿਆ ਪਰਫਿਊਮ ਆਈ. ਈ. ਡੀ. ਬਰਾਮਦ ਕੀਤਾ ਹੈ। ਨਰਵਾਲ ਧਮਾਕੇ ‘ਚ ਸ਼ਾਮਲ ਆਰਿਫ ਨਾਂ ਦੇ ਅੱਤਵਾਦੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹ ਰਿਆਸੀ ਦਾ ਰਹਿਣ ਵਾਲਾ ਹੈ, ਜੋ ਪਿਛਲੇ 3 ਸਾਲਾਂ ਤੋਂ ਸਰਹੱਦ ਪਾਰੋਂ ਲਸ਼ਕਰ-ਏ-ਤੋਇਬਾ ਦੇ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਅੱਤਵਾਦੀ ਆਰਿਫ ਹਾਲ ਹੀ ਦੀਆਂ ਕਈ ਅੱਤਵਾਦੀ ਘਟਨਾਵਾਂ ਲਈ ਜ਼ਿੰਮੇਵਾਰ ਹੈ। ਡੀ. ਆਈ. ਜੀ. ਨੇ ਕਿਹਾ ਕਿ ਪਰਫਿਊਮ ਆਈ. ਈ. ਡੀ. ਬਿਲਕੁਲ ਪਰਫਿਊਮ ਦੀ ਬੋਤਲ ਵਾਂਗ ਹੈ। ਜੇਕਰ ਕੋਈ ਇਸਨੂੰ ਦਬਾਉਣ ਜਾਂ ਖੋਲ੍ਹਣ ਦੀ ਕੋਸ਼ਿਸ਼ ਵੀ ਕਰੇਗਾ, ਤਾਂ ਆਈ. ਈ. ਡੀ. ਫਟ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਆਈ. ਈ. ਡੀ. ਪਹਿਲੀ ਵਾਰ ਮਿਲਿਆ ਹੈ, ਇਸ ਲਈ ਅਸੀਂ ਬਹੁਤ ਸੁਚੇਤ ਹੋ ਗਏ ਹਾਂ। ਹੁਣ ਸਾਡੀ ਵਿਸ਼ੇਸ਼ ਟੀਮ ਇਸ ਆਈ. ਈ. ਡੀ. ਨੂੰ ਸੰਭਾਲੇਗੀ। ਉਨ੍ਹਾਂ ਦੱਸਿਆ ਕਿ ਅੱਤਵਾਦੀ ਆਰਿਫ਼ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਹੈ। ਜੰਮੂ-ਕਸ਼ਮੀਰ ਦੇ ਡੀ. ਆਈ. ਜੀ. ਨੇ ਦਾਅਵਾ ਕੀਤਾ ਕਿ ਕਟੜਾ ਬੱਸ ਵਿੱਚ ਧਮਾਕਾ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ।