ਰਜਿ: ਨੰ: PB/JL-124/2018-20
RNI Regd No. 23/1979

ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਹੀਂ, ਰਾਸ਼ਟਰਪਤੀ ਕਰਨ-ਰਾਹੁਲ
 
BY admin / May 21, 2023
ਨਵੀਂ ਦਿੱਲੀ, 21 ਮਈ (ਯੂ. ਐਨ. ਆਈ.)-ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਨਹੀਂ ਬਲਕਿ ਰਾਸ਼ਟਰਪਤੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਚੇਤੇ ਰਹੇ ਕਿ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਰਿਲੀਜ਼ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਦੇਸ਼ ਦੀ ਨਵੀਂ ਬਣੀ ਸੰਸਦੀ ਇਮਾਰਤ ਦਾ ਉਦਘਾਟਨ ਕਰਨਗੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਲੰਘੇ ਵੀਰਵਾਰ ਨੂੰ ਸ੍ਰੀ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੀਂ ਇਮਾਰਤ ਦੇ ਉਦਘਾਟਨ ਲਈ ਸੱਦਾ ਦਿੱਤਾ ਸੀ। ਗਾਂਧੀ ਨੇ ਟਵੀਟ ਕੀਤਾ, ‘‘ਨਵੀਂ ਸੰਸਦੀ ਇਮਾਰਤ ਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਨਹੀਂ ਬਲਕਿ ਰਾਸ਼ਟਰਪਤੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ।’’ ਦੱਸ ਦੇਈਏ ਕਿ 28 ਮਈ ਨੂੰ ਹਿੰਦੂਤਵ ਵਿਚਾਰਧਾਰਕ ਵੀ.ਡੀ.ਸਾਵਰਕਰ ਦਾ ਜਨਮ ਦਿਨ ਵੀ ਹੈ ਤੇ ਕਈ ਵਿਰੋਧੀ ਪਾਰਟੀਆਂ ਨੇ ਨਵੀਂ ਸੰਸਦੀ ਇਮਾਰਤ ਦਾ ਉਦਘਾਟਨ ਉਸੇ ਦਿਨ ਰੱਖੇ ਜਾਣ ’ਤੇ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਲੋਕ ਸਭਾ ਸਕੱਤਰੇਤ ਮੁਤਾਬਕ ਇਸ ਨਵੀਂ ਇਮਾਰਤ ਵਿੱਚ ਲੋਕ ਸਭਾ ਵਿੱਚ 888 ਮੈਂਬਰ ਤੇ ਰਾਜ ਸਭਾ ਵਿੱਚ 300 ਮੈਂਬਰ ਬੜੇ ਆਰਾਮ ਨਾਲ ਬੈਠ ਸਕਦੇ ਹਨ। ਜੇਕਰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਹੋਵੇ ਤਾਂ ਲੋਕ ਸਭਾ ਚੈਂਬਰ ਵਿੱਚ ਕੁੱਲ 1280 ਮੈਂਬਰਾਂ ਦੇ ਬੈਠਣ ਦਾ ਪ੍ਰਬੰਧ ਹੈ। ਪ੍ਰਧਾਨ ਮੰਤਰੀ ਮੋਦੀ ਨੇ 10 ਦਸੰਬਰ 2020 ਨੂੰ ਸੰਸਦ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ। ਸੰਸਦ ਦੀ ਮੌਜੂਦਾ ਇਮਾਰਤ 1927 ਵਿੱਚ ਬਣ ਕੇ ਤਿਆਰ ਹੋਈ ਸੀ।